ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 450 ਕਰੋੜ 80 ਲੱਖ ਦੀ ਹੋਈ ਅਦਾਇਗੀ
ਸੰਗਰੂਰ, 22 ਅਪ੍ਰੈਲ:
ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 21 ਅਪ੍ਰੈਲ ਤੱਕ ਵੱਖ ਵੱਖ ਮੰਡੀਆਂ ਵਿੱਚ 7 ਲੱਖ 83 ਹਜ਼ਾਰ 706 ਮੀਟਰਕ ਟਨ ਕਣਕ ਆਈ ਹੈ ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 7 ਲੱਖ 45 ਹਜ਼ਾਰ 498 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਖਰੀਦ ਕੀਤੀ ਕਣਕ ਦੀ 3 ਲੱਖ 78 ਹਜ਼ਾਰ 917 ਮੀਟਰਕ ਟਨ ਦੀ ਲਿਫਟਿੰਗ ਅਤੇ 450 ਕਰੋੜ 80 ਲੱਖ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ 3 ਲੱਖ 34 ਹਜਾਰ 875 ਮੀਟਰਕ ਟਨ, ਮਾਰਕਫੈੱਡ ਵੱਲੋਂ 1 ਲੱਖ 56 ਹਜ਼ਾਰ 145 ਮੀਟਰਕ ਟਨ, ਪਨਸਪ ਵੱਲੋਂ 1 ਲੱਖ 63 ਹਜਾਰ 15 ਮੀਟਰਕ ਟਨ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 82 ਹਜਾਰ 85 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 9191 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਸਰਕਾਰ ਵਲੋਂ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖਰੀਦਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਭੀੜ ਨੂੰ ਘਟਾਉਣ ਲਈ ਪਾਸ ਸਿਸਟਮ ਰਾਹੀਂ ਟਰਾਲੀਆਂ ਦੀ ਐਂਟਰੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਦੇ ਹਿਸਾਬ ਨਾਲ ਆੜ੍ਹਤੀਆਂ ਰਾਹੀਂ ਪਾਸ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੀਆਂ ਸਾਵਧਾਨੀਆਂ ਬਾਰੇ ਕਿਸਾਨਾਂ ਨੰੂ ਲਗਾਤਾਰ ਜਾਗਰੂਕ ਕਰਨ ਦੇ ਨਾਲ-ਨਾਲ ਮੰਡੀਆਂ ’ਚ ਕੋਵਿਡ ਵੈਕਸੀਨੇਸ਼ਨ ਦੇ ਲਗਾਏ ਜਾ ਰਹੇ ਕੈਂਪਾਂ ਰਾਹੀ ਟੀਕਾਕਰਣ ਵੀ ਲਗਾਤਾਰ ਜਾਰੀ ਹੈ।
Please Share This News By Pressing Whatsapp Button