ਪਟਿਆਲਾ ਜ਼ਿਲ੍ਹੇ ਦਾ ਪਿੰਡ ਖੇੜੀ ਮੱਲਾ ਗੇਂਦੇ ਦੀ ਕਾਸ਼ਤ ‘ਚ ਬਣਿਆ ਮੋਹਰੀ
ਪਟਿਆਲਾ, 27 ਅਪ੍ਰੈਲ:(ਬਲਵਿੰਦਰ ਪਾਲ )
ਪਟਿਆਲਾ ਜ਼ਿਲ੍ਹੇ ਦਾ ਪਿੰਡ ਖੇੜੀ ਮੱਲਾ ਗੇਂਦੇ ਦੀ ਕਾਸ਼ਤ ‘ਚ ਹੋਰਨਾਂ ਲਈ ਰਾਹ ਦਸੇਰਾ ਬਣਿਆ ਹੈ, ਜਿਥੇ ਦੇ ਕਿਸਾਨ ਭਰਪੂਰ ਸਿੰਘ, ਹਾਕਮ ਸਿੰਘ ਅਤੇ ਪਿੰਡ ਦੇ ਹੋਰਨਾਂ ਕਿਸਾਨਾਂ ਵੱਲੋਂ ਸਾਲ ਦੌਰਾਨ 30 ਏਕੜ ਰਕਬੇ ‘ਚ ਗੇਂਦੇ ਤੇ ਗੁਲਦਾਊਦੀ ਦੇ ਫੁੱਲਾਂ ਦੀ ਕਾਸ਼ਤ ਕਰਕੇ ਔਸਤਨ 3 ਲੱਖ ਰੁਪਏ ਪ੍ਰਤੀ ਏਕੜ ਦੀ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ।
ਪਿੰਡ ਖੇੜੀ ਮੱਲਾ ਦੇ ਕਿਸਾਨ ਭਰਪੂਰ ਸਿੰਘ ਅਤੇ ਹਾਕਮ ਸਿੰਘ ਨੇ ਆਪਣੀ ਫੁੱਲਾਂ ਦੀ ਖੇਤੀ ਦੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਲੱਡੂ ਗੇਂਦੇ ਦੀ ਕਾਸ਼ਤ ਕੀਤੀ ਗਈ ਹੈ, ਜਿਸ ਦਾ ਝਾੜ 70 ਤੋਂ 80 ਕਵਿੰਟਲ ਪ੍ਰਾਪਤ ਹੁੰਦਾ ਹੈ ਅਤੇ ਮੰਡੀ ‘ਚ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਕੁਵਿੰਟਲ ਵਿੱਕਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪ੍ਰਤੀ ਏਕੜ 2.80 ਤੋਂ 3.30 ਲੱਖ ਰੁਪਏ ਤੱਕ ਫੁੱਲਾਂ ਦੀ ਕਾਸ਼ਤ ਤੋਂ ਆਮਦ ਪ੍ਰਾਪਤ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਖੇੜੀ ਮੱਲਾ ਦੇ ਕਿਸਾਨ ਆਪਣੇ ਫੁੱਲ ਪਟਿਆਲਾ, ਚੰਡੀਗੜ੍ਹ ਲੁਧਿਆਣਾ, ਬਠਿੰਡਾ ਅਤੇ ਅਬੋਹਰ ਤੱਕ ਵੇਚਕੇ ਪ੍ਰਤੀ ਏਕੜ ਚੰਗੀ ਆਮਦਨ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀ ‘ਚ ਵਿਭਿੰਨਤਾ ਲਿਆਉਣ ਲਈ ਲਗਾਤਾਰ ਉਤਸਾਹਤ ਕੀਤਾ ਜਾ ਰਿਹਾ ਹੈ ਅਤੇ ਖੇਤੀ ਸੰਦਾਂ, ਪੈਕ ਹਾਊਸ ਅਤੇ ਫੁੱਲਾਂ ਦੀ ਕਾਸ਼ਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਡਾ. ਮਾਨ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਬਾਗਬਾਨੀ ਫਸਲਾਂ ਨੂੰ ਸਟੋਰ ਕਰਨ ਲਈ ਕੋਲਡ ਰੂਮ, ਪ੍ਰੀ ਕੂਲਿੰਗ ਯੂਨਿਟ ਅਤੇ ਦੂਰ ਦੀਆਂ ਮੰਡੀਆਂ ਵਿਚ ਲਿਜਾਣ ਲਈ ਰੈਫਰਿਜਰੇਟਰ ਵੈਨ ਉਤੇ ਵੀ 35 ਫ਼ੀਸਦੀ ਸਬਸਿਡੀ ਮੁਹੱਈਆ ਕੀਤੀ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਇਨ੍ਹਾਂ ਪ੍ਰੋਜੈਕਟਾਂ ਉੱਤੇ ਐਗਰੀਕਲਚਰ ਇਨਫਰਾਸਟਰਕਚਰ ਫ਼ੰਡ ਸਕੀਮ ਅਧੀਨ 3 ਫ਼ੀਸਦੀ ਵਿਆਜ ਉਤੇ ਵੀ ਛੋਟ ਦਿੱਤੀ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਨੇ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਤੋਂ ਇਲਾਵਾ ਹੋਰਨਾਂ ਨਗਦ ਅਦਾਇਗੀ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਕਿਸਾਨ ਬਾਗਬਾਨੀ ਵਿਭਾਗ ਪਾਸੋਂ ਉਕਤ ਸਕੀਮਾਂ ਸਬੰਧੀ ਜਾਣਕਾਰੀ ਲੈਣ ਲਈ ਬਾਗਬਾਨੀ ਵਿਭਾਗ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
Please Share This News By Pressing Whatsapp Button