ਰਾਗਾਤਮਕ ਕੀਰਤਨ ਸਮਾਗਮ “ਤੇਗ ਬਹਾਦਰ ਸਿਮਰਿਐ” ਆਨਲਾਈਨ ਮਾਧਿਅਮ ਰਾਹੀਂ ਕਰਵਾਇਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਵਾਈਸ-ਚਾਂਸਲਰ ਡਾ. ਅਰਵਿੰਦ ਦੀ ਸਰਪ੍ਰਸਤੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਗਾਤਮਕ ਕੀਰਤਨ ਸਮਾਗਮ “ਤੇਗ ਬਹਾਦਰ ਸਿਮਰਿਐ” ਆਨਲਾਈਨ ਮਾਧਿਅਮ ਰਾਹੀਂ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਚੇਅਰ ਦੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਦੱਸਦਿਆਂ ਮਹਿਮਾਨਾਂ, ਕੀਰਤਨਕਾਰਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਗੁਰਮਤਿ ਸੰਗੀਤ ਚੇਅਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖੀ ਵਿੱਚ ਬਹੁਤ ਖ਼ਾਸ ਸਥਾਨ ਹੈ ਅਤੇ ਗੁਰੂ ਜੀ ਖ਼ੁਦ ਹੀ ਸੰਤ ਸਿਪਾਹੀ ਸਨ। ਉਨ੍ਹਾਂ ਦੀ ਸਾਰੀ ਬਾਣੀ ਵੈਰਾਗਮਈ ਹੈ। ਇਸ ਉਪਰੰਤ ਉੱਘੀ ਸ਼ਾਸਤਰੀ ਗਾਇਕਾ ਅਤੇ ਸੰਗੀਤ ਵਿਭਾਗ ਵਿਚ ਪ੍ਰੋਫ਼ੈਸਰ ਡਾ. ਨਿਵੇਦਿਤਾ ਸਿੰਘ ਨੇ ਗੁਰੂ ਤੇਗ ਬਹਾਦਰ ਬਾਣੀ ਦੇ ਸੰਗੀਤਕ ਪਰਿਪੇਖ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ 17 ਰਾਗਾਂ ਵਿਚ 59 ਸ਼ਬਦਾਂ ਤੋਂ ਇਲਾਵਾ 57 ਸਲੋਕ ਰਚੇ ਅਤੇ 31ਵੇਂ ਰਾਗ ਜੈਜਾਵੰਤੀ ਵਿਚ ਬਾਣੀ ਉਚਾਰੀ।
ਬੀਬੀ ਜਗੀਰ ਕੌਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਘੇ ਵਿਦਵਾਨ ਡਾ. ਜਸਬੀਰ ਸਿੰਘ ਸਾਬਰ, ਸਾਬਕਾ ਪ੍ਰੋਫ਼ੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਸਮਾਗਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਉੱਘੇ ਕੀਰਤਨਕਾਰ ਭਾਈ ਕੁਲਦੀਪ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਵਿਚੋਂ ਡਾ. ਅਲੰਕਾਰ ਸਿੰਘ ਅਤੇ ਡਾ. ਨਿਵੇਦਿਤਾ ਸਿੰਘ ਨੇ ਕੀਰਤਨ ਹਾਜ਼ਰੀ ਲਗਵਾਈ। ਸਾਰੇ ਕੀਰਤਨੀਆਂ ਨੇ ਗੁਰੂ ਤੇਗ ਬਹਾਦਰ ਬਾਣੀ ਦਾ ਨਿਰਧਾਰਤ ਰਾਗਾਂ ਵਿਚ ਕੀਰਤਨ ਕੀਤਾ। ਕੀਰਤਨਕਾਰਾਂ ਦੀ ਜਾਣ-ਪਛਾਣ ਸੰਗੀਤ ਵਿਭਾਗ ਦੀ ਖੋਜਾਰਥਣ ਬੀਬਾ ਅਮਨਪ੍ਰੀਤ ਕੌਰ ਵੱਲੋਂ ਕਰਵਾਈ ਗਈ।
ਅੰਤ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਡੀਨ ਬਾਹਰੀ ਕੇਂਦਰ ਅਤੇ ਸੀਨੀਅਰ ਪ੍ਰੋਫ਼ੈਸਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਸਮਾਗਮ ਵਿੱਚ ਸ਼ਾਮਲ ਸ਼ਖ਼ਸੀਅਤਾਂ, ਕੀਰਤਨੀਆਂ ਅਤੇ ਸਰੋਤਿਆਂ ਦਾ ਯੂਨੀਵਰਸਿਟੀ ਵੱਲੋਂ ਧੰਨਵਾਦ ਕੀਤਾ। ਸਮਾਗਮ ਵਿੱਚ ਫ਼ੈਕਲਟੀ ਅਤੇ ਖੋਜਾਰਥੀਆਂ ਸਮੇਤ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸਰੋਤੇ ਜੁੜੇ ਜਿਨ੍ਹਾਂ ਵਿੱਚ ਡਾ. ਰਣਬੀਰ ਕਿੰਗਰਾ, ਡਾ. ਅਮਰ ਇੰਦਰ ਸਿੰਘ, ਪ੍ਰੋ. ਅਰੁਨਾ, ਡਾ. ਸੰਗੀਤਾ ਸ਼ਰਮਾ, ਡਾ. ਵਨਿਤਾ, ਡਾ. ਗਗਨਦੀਪ ਸਿੰਘ (ਯੂ.ਐੱਸ.ਏ.), ਡਾ. ਕਰਮਜੀਤ ਕੌਰ, ਡਾ. ਹਰਮਿੰਦਰ ਕੌਰ, ਸ. ਜਸਬੀਰ ਸਿੰਘ ਜਵੱਦੀ ਆਦਿ ਸ਼ਾਮਲ ਹੋਏ।
Please Share This News By Pressing Whatsapp Button