2 ਹਫਤਿਆਂ ਦਾ ਤੀਸਰਾ ਆਨਲਾਈਨ ਡੇਅਰੀ ਸਿਖਲਾਈ ਕੋਰਸ 17 ਮਈ ਤੋਂ ਸ਼ੁਰੂ
ਸੰਗਰੂਰ, 15 ਮਈ:
ਕੋਵਿਡ-19 ਮਹਾਂਮਾਰੀ ਕਾਰਨ ਜਿੱਥੇ ਦੇਸ਼ ਦੀ ਅਰਥ-ਵਿਵਸਥਾ ’ਤੇ ਮਾੜਾ ਅਸਰ ਪਿਆ ਹੈ ਉੱਥੇ ਹੀ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੋਤ ਆਈ ਹੈ। ਸਮਾਜਿਕ ਦੂਰੀ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ’ਤੇ ਵੀ ਕਾਫ਼ੀ ਅਸਰ ਪਿਆ ਹੈ। ਇਸ ਖੜੋਤ ਨੂੰ ਤੋੜਨ ਲਈ ਹੁਣ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਲਾਭਪਾਤਰੀਆਂ ਲਈ ਡੇਅਰੀ ਟ੍ਰੇਨਿੰਗ ਸੈਟਰਾਂ ’ਤੇ 2 ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿੱਤੀ ਜਾਣ ਵਾਲੀ ਸਿਖਲਾਈ ਲਈ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ 17 ਮਈ ਤੋਂ ਤੀਸਰਾ ਆਨਲਾਈਨ ਬੈਚ ਡੇਅਰੀ ਸਿਖਲਾਈ ਸੈਂਟਰ ਸ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਫਾਰਮ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਸੰਗਰੂਰ, ਨੇੜੇ ਮੱਛੀ ਪਾਲਣ ਦਫਤਰ, ਪਟਿਆਲਾ ਗੇਟ ਸੰਗਰੂਰ ਵਿਖੇ ਭਰੇ ਜਾ ਰਹੇ ਹਨ ਅਤੇ ਜੇਕਰ ਕੋਵਿਡ ਦੇ ਹਾਲਾਤ ਸੁਖੇਵੇਂ ਰਹਿੰਦੇ ਹਨ ਤਾਂ ਅੱਗੇ ਵੀ ਇਸ ਤਰਾਂ ਦੇ ਹੋਰ ਬੈਚ ਵੀ ਸਿਖਲਾਈ ਕੇਂਦਰਾਂ ’ਤੇ ਚਲਾਏ ਜਾਣਗੇ। ਚਾਹਵਾਨ ਡੇਅਰੀ ਫਾਰਮਰ ਆਪਣਾ ਪੜਾਈ ਦਾ ਸਰਟੀਫਿਕੇਟ (ਘੱਟੋ ਘੱਟ ਪੰਜਵੀਂ ਪਾਸ), ਆਧਾਰ ਕਾਰਡ, ਵੋਟਰ ਕਾਰਡ, ਇੱਕ ਫੋਟੋ ਅਤੇ ਜਾਤੀ ਸਰਟੀਫਿਕੇਟ (ਕੇਵਲ ਐਸ.ਸੀ. ਲਾਭਪਾਤਰੀਆਂ ਲਈ) ਦਫ਼ਤਰ ਵਿੱਚ ਲਿਆ ਕੇ ਆਪਣਾ ਫਾਰਮ ਭਰ ਸਕਦੇ ਹਨ। ਜਨਰਲ ਵਰਗ ਨਾਲ ਸਬੰਧਤ ਸਿਖਿਆਰਥੀਆਂ ਦੀ ਫੀਸ 1000 ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀਆਂ ਦੀ ਫੀਸ 750 ਰੁਪਏ ਹੋਵੇਗੀ।
ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਸ. ਕਰਨੈਲ ਸਿੰਘ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਖਾਧ ਖੁਰਾਕ, ਨਸਲ ਸੁਧਾਰ, ਪਸ਼ੂਆਂ ਦੀ ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਸਿਖਲਾਈ ਪ੍ਰੋਗਰਾਮ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਸਮੂਹ ਦੁੱਧ ਉਤਪਾਦਕਾਂ/ਡੇਅਰੀ ਫਾਰਮਰਾਂ/ਕਿਸਾਨਾਂ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਉਹ ਤੁਰੰਤ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਜਿਲਾ ਸੰਗਰੂਰ ਵਿੱਚ ਬਿਨੈ ਪੱਤਰ ਦੇਣ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਫਲਤਾ ਪੂਰਵਕ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਿਖਿਆਰਥੀ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ/ਸਹੂਲਤਾਂ ਦਾ ਲਾਭ ਉਠਾ ਸਕਦੇ ਹਨ।
Please Share This News By Pressing Whatsapp Button