ਕੋਵਿਡ -19 ਦੇ ਮੰਦੇਨਜ਼ਰ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਤੇ ਸਾਵਧਾਨੀਆਂ ਜ਼ਰੂਰੀ – ਡਾ. ਅੰਜਨਾ ਗੁਪਤਾ
ਸੰਗਰੂਰ 16 ਮਈ
ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਡੇਂਗੂ ਹੋਣ ਦਾ ਖ਼ਤਰਾ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਡੇਂਗੂ ਬੁਖਾਰ ਦੇ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਕੀਤਾ।
ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਡੇਂਗੂ ਪੈਦਾ ਕਰਨ ਵਾਲੇ ਮੱਛਰ ਮਾਦਾ ਏਡੀਜ਼ ਏਜੀਪਟੀ ਆਮ ਮੱਛਰ ਤੋਂ ਵੱਖਰਾ ਹੁੰਦਾ ਹੈ ਅਤੇ ਇਸ ਦੇ ਸਰੀਰ ‘ਤੇ ਚੀਤੇ ਵਰਗੀ ਪੱਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮੱਛਰ ਦਿਨ ਦੇ ਦੌਰਾਨ ਖ਼ਾਸਕਰ ਸਵੇਰ ਨੂੰ ਡੰਗ ਮਾਰਦੇ ਹਨ। ਇਸ ਲਈ ਸਵੇਰੇ ਅਤੇ ਦਿਨ ਦੇ ਦੌਰਾਨ ਇਨ੍ਹਾਂ ਮੱਛਰਾਂ ਤੋਂ ਬਚਾਅ ਲਈ ਵਧੇਰੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਗੰਦੇ ਨਾਲਿਆਂ ਵਿਚ ਨਹੀਂ ਸਗੋਂ ਸਾਫ ਪਾਣੀ ਵਿਚ ਪਲਦੇ ਹਨ । ਇਹ ਮੱਛਰ ਵਾਧੂ ਪਏ ਟਾਇਰਾਂ, ਬੋਤਲਾਂ, ਕੂਲਰਾਂ, ਗਮਲਿਆਂ, ਫ਼ਰਿੱਜ਼ ਦੇ ਪਿੱਛੇ ਦੀਆਂ ਵਾਧੂ ਪਾਣੀ ਵਾਲੀਆਂ ਟ੍ਰੇਆਂ ਆਦਿ ਵਿੱਚ ਪਲਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਨੂੰ ਸਮੇਂ ਸਮੇਂ ਸਿਰ ਖਾਲੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਮੱਛਰਾਂ ਤੋਂ ਬਚਾਉਣ ਲਈ ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੇ ਜਾਣ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰਦਰਦ, ਚਮੜੀ ‘ਤੇ ਚੇਚਕ ਵਰਗੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ ‘ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹਨ। ਮਰੀਜ਼ ਦੇ ਮੂੰਹ, ਛਾਤੀ ਅਤੇ ਗਲੇ ‘ਤੇ ਵੀ ਲਾਲ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। ਇੱਕ ਦੋ ਦਿਨਾਂ ਬਾਅਦ ਇਹ ਦਾਣੇ ਮਿਟ ਜਾਂਦੇ ਹਨ ਅਤੇ ਤੀਜੇ ਚੌਥੇ ਦਿਨ ਤੇਜ਼ ਬੁਖਾਰ ਨਾਲ ਇਹ ਦਾਣੇ ਫ਼ਿਰ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ‘ਤੇ ਵੀ ਆ ਜਾਂਦੇ ਹਨ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ‘ਡ੍ਰਾਈ ਡੇਅ’ ਵਜੋਂ ਮਨਾਇਆ ਜਾਂਦਾ ਹੈ ਜਿਸ ਤਹਿਤ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਅਤੇ ਬਹੁ-ਮੰਤਵੀ ਸਿਹਤ ਕਾਮੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਤੋਂ ਇਲਾਵਾ ਘਰਾਂ ‘ਚ ਕੂਲਰਾਂ, ਗਮਲਿਆਂ ਆਦਿ ਨੂੰ ਹਰ ਸ਼ੁੱਕਰਵਾਰ ਖਾਲੀ ਕਰਨ ਲਈ ਜਾਗਰੂਕ ਕਰਦੇ ਹਨ। ਇਸ ਵਿੱਚ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਲੋੜ ਹੈ।
Please Share This News By Pressing Whatsapp Button