ਵਿਜੈ ਇੰਦਰ ਸਿੰਗਲਾ ਵੱਲੋਂ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਕੋਵਿਡ ਸਹਾਇਤਾ ਲਈ 24 ਘੰਟੇ ਹੈਲਪਲਾਈਨ ਨੰਬਰ ਜਾਰੀ
ਸੰਗਰੂਰ, 18 ਮਈ:
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਮੰਗਲਵਾਰ ਨੂੰ ਕਿਹਾ ਕਿ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਕੋਵਿਡ ਵਾਰ ਰੂਮ ਚਾਲੂ ਕਰ ਦਿੱਤਾ ਗਿਆ ਹੈ ਅਤੇ ਕੋਵਿਡ -19 ਮਹਾਂਮਾਰੀ ਦੌਰਾਨ ਲੋਕਾਂ ਦੀ 24 ਘੰਟੇ ਸਹਾਇਤਾ ਲਈ ਇੱਕ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤੀ ਗਈ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਕੋਵਿਡ ਵਾਰ ਰੂਮ ਵਿੱਚ ਲੋਕ ਮੈਡੀਕਲ ਸਹਾਇਤਾ ਲਈ 88981-00004 (ਹੈਲਪਲਾਈਨ ਨੰਬਰ) ‘ਤੇ ਕਾਲ ਕਰ ਸਕਦੇ ਹਨ ਅਤੇ ਲੋੜੀਂਦੀ ਸਹਾਇਤਾ ਦੋ ਘੰਟੇ ਵਿਚ ਵਲੰਟੀਅਰਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਕੋਵਿਡ ਵਾਰ ਰੂਮ ਦੇ ਕੰਮ ਦੀ ਰੋਜ਼ਾਨਾ ਦੇ ਅਧਾਰ ‘ਤੇ ਨਿਗਰਾਨੀ ਕਰਨਗੇ ਅਤੇ ਉਨ੍ਹਾਂ ਸੰਗਰੂਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਕੋਵਿਡ -19 ਮਹਾਂਮਾਰੀ ਦੀ ਗੰਭੀਰ ਲਹਿਰ ਦੇ ਬਾਵਜੂਦ ਮਿਆਰੀ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਏਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰ ਰਾਹੀਂ ਲੋਕ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ, ਆਕਸੀਜਨ ਸਿਲੰਡਰ, ਕੰਸਟ੍ਰੇਟਰਜ ਅਤੇ ਲੋੜੀਂਦੀ ਡਾਕਟਰੀ ਅਤੇ ਆਮ ਸਹਾਇਤਾ ਬਾਰੇ ਜਾਣਕਾਰੀ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਥੇ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ, ਜੇਕਰ ਮਰੀਜ਼ਾਂ ਨੂੰ ਮਾਰਕਿਟ ਵਿੱਚ ਉਪਲਬਧ ਨਾ ਹੋਣ ਕਰਕੇ ਕੋਈ ਦਿੱਕਤ ਆ ਰਹੀ ਹੋਵੇ, ਤਾਂ ਉਹ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਹੈਲਪਲਾਈਨ, ਕੋਵਿਡ ਨਾਲ ਸਬੰਧਤ ਹੋਰ ਜਾਣਕਾਰੀਆਂ ਲਈ ਵੀ ਇੱਕ ਮਾਧਿਅਮ ਵਜੋਂ ਕੰਮ ਕਰੇਗੀ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹੈਲਪਲਾਈਨ ਨੰਬਰ ‘ਤੇ ਵਟਸਐਪ ਚੈਟਬੋਟ ਫੀਚਰ ਵੀ ਉਪਲਬਧ ਹੈ ਜੋ ਮੈਸੇਜ ਜਾਂ ਚੈਟ ਜ਼ਰੀਏ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਦੇਵੇਗਾ ਅਤੇ ਸਹਾਇਤਾ ਵੀ ਮੁਹੱਈਆ ਕਰਵਾਏਗਾ।
ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਪਹਿਲਾਂ ਲਾਂਚ ਕੀਤਾ ਗਿਆ ਕੋਵਿਡ ਵਾਰ-ਰੂਮ ਵੀ ਤਿਆਰ ਬਰ ਤਿਆਰ ਹੈ ਅਤੇ ਹਸਪਤਾਲਾਂ ਵਿਚ ਉਪਲੱਬਧ ਬੈੱਡਾਂ ਦੇ ਭਰ ਜਾਣ ਤੋਂ ਬਾਅਦ 100 ਬਿਸਤਰਿਆਂ ਵਾਲੇ ਇਸ ਵਾਰ ਰੂਮ ਵਿੱਚ ਮਰੀਜਾਂ ਦਾ ਦਾਖਲਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਵਿਡ ਵਾਰ-ਰੂਮ ਹਸਪਤਾਲਾਂ ‘ਚ ਬਿਸਤਰੇ, ਆਕਸੀਜਨ ਸਿਲੰਡਰ, ਕੰਸਟ੍ਰੇਟਰਜ, ਪਲਾਜ਼ਮਾ ਦਾਨ, ਟੀਕੇ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਹੋਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੈਲਪਲਾਈਨ ਨੰਬਰ ਦਾ ਮੁੱਖ ਉਦੇਸ਼ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਅਤੇ ਉਨ੍ਹਾਂ ਨੂੰ ਸਹੀ ਸਿਹਤ ਸਹਾਇਤਾ ਪ੍ਰਦਾਨ ਕਰਨਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ, “ਅਸੀਂ ਹੈਲਪਲਾਈਨ ਨਾਲ 24 ਘੰਟੇ ਦੌਰਾਨ ਸਾਰੇ ਮਰੀਜ਼ਾਂ ਨੂੰ ਢੁਕਵੀਂ ਸਹਾਇਤਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਹੈਲਪਲਾਈਨ ਨੰਬਰ ‘ਤੇ ਕੀਤੀਆਂ ਗਈਆਂ ਕਾਲਾਂ ਕੋਵਿਡ ਨਾਲ ਸਬੰਧਤ ਜਰੂਰੀ ਜ਼ਰੂਰਤਾਂ ਜਾਂ ਐਮਰਜੈਂਸੀ ਸਥਿਤੀਆਂ ਹੀ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਸਿਹਤ ਸਹੂਲਤਾਂ ਦੀ ਲੋੜ ਵਾਲੇ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ।
Please Share This News By Pressing Whatsapp Button