ਐਸ.ਡੀ.ਐਮ. ਨੇ ਪਿੰਡਾਂ ਬਡਰੁੱਖਾਂ, ਲੋਹਾਖੇੜਾ, ਖੇੜੀ ਅਤੇ ਭਿੰਡਰਾਂ ਵਿਖੇ ਘਰ-ਘਰ ਪਹੰੁਚ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਬਚਾਅ ਬਾਰੇ ਕੀਤਾ ਜਾਗਰੂਕ
ਸੰਗਰੂਰ, 23 ਮਈ
ਕਰੋਨਾ ਨਾਲ ਪੀੜਤ ਲੋੜਵੰਦਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਸ੍ਰੀ ਯਸ਼ਪਾਲ ਸ਼ਰਮਾ ਨੇ ਸਬ ਡਵੀਜ਼ਨ ਸੰਗਰੂਰ ਦੇ ਬਡਰੁੱਖਾਂ, ਲੋਹਾਖੇੜਾ, ਖੇੜੀ, ਭਿੰਡਰਾ ਆਦਿ ਪਿੰਡਾਂ ’ਚ ਮਿਸ਼ਨ ਫਤਿਹ 2.0 (ਕੋਰੋਨਾ ਮੁਕਤ ਪਿੰਡ ਅਭਿਆਨ ) ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਬਚਾਅ ਬਾਰੇ ਜਾਗਰੂਕ ਕੀਤਾ। ਉਨਾਂ ਨਾਲ ਮੌਜੂਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਹੀ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ।
ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕਰੋਨਾ ਪੀੜਤ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੀ ਮੁਹੱਈਆ ਕਰਵਾਈਆ ਜਾ ਰਹੀਆ ਹਨ, ਤਾਂ ਜ਼ੋ ਲੋੜਵੰਦਾਂ ਨੂੰ ਇਸ ਸਮੇਂ ਔਖੀ ਘੜੀ ਦੌਰਾਨ ਖਾਣ-ਪੀਣ ਸਬੰਧੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ’ਚ ਕੋਵਿਡ ਜਾਂਚ ਲਈ ਪਹੰੁਚਣ ਵਾਲੀਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਜਾਂਚ ਤੋਂ ਬਾਅਦ ਪਾਜ਼ਟਿਵ ਆਉਣ ਵਾਲੇ ਮਰੀਜ਼ ਨੂੰ ਤੁਰੰਤ ਸਿਹਤ ਵਿਭਾਗ ਦੀਆਂ ਗਾਈਡਲਾਈਨ ਮੁਤਾਬਿਕ ਏਕਾਂਤਵਾਸ ਹੋ ਕੇ ਮਿਸ਼ਨ ਫਤਹਿ ਮੁਹਿੰਮ ’ਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਕਰੋਨਾ ਬਿਮਾਰੀ ਨੂੰ ਹਲਕੇ ’ਚ ਨਾ ਲਿਆ ਜਾਵੇ ਬਲਕਿ ਮਾਮੂਲੀ ਖਾਂਸੀ, ਜੁਖਾਮ, ਬੁਖਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਜਾਂਚ ਕਰਵਾਉਣ ਨੂੰ ਪਹਿਲ ਦੇਣਾ ਹੀ ਸਮਝਦਾਰੀ ਹੈ। ਉਨਾਂ ਕਿਹਾ ਕਿ ਜਾਂਚ ਅੰਦਰ ਦੇਰੀ ਨਾਲ ਕਰੋਨਾ ਬਿਮਾਰੀ ਗੰਭੀਰ ਰੂਪ ਲੈ ਸਕਦੀ ਹੈ ਅਤੇ ਜਿਸਨੂੰ ਹਰੇਕ ਵਿਅਕਤੀ ਨੂੰ ਖੁਦ ਸਮਝਣਾ ਹੋੇਵੇਗਾ। ਉਨਾਂ ਦੱਸਿਆ ਕਿ ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਆਰੰਭਦੇ ਹੋਏ ਵੱਖ-ਵੱਖ ਪਿੰਡਾਂ ਵਿਚ ਜਾਗਰੂਕਤਾ ਫੈਲਾਈ ਜਾ ਰਹੀ ਹੈ, ਜਿਸਦੇ ਅੰਦਰ ਪਿੰਡਾ ਦੇ ਸਰਪੰਚਾਂ, ਪੰਚਾਂ ਨੂੰ ਵੱਧ ਚੜ ਕੇ ਆਪਣੇ ਪਰਿਵਾਰਾਂ ਅਤੇ ਪਿੰਡ ਵਾਸੀਆਂ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਪਿੰਡਾਂ ਵਿਖੇ ਕਰੋਨਾ ਦਾ ਪ੍ਰਸਾਰ ਅਗੇ ਨਾਲੋਂ ਵਧਿਆ ਹੈ ਇਸ ਲਈ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਨਾਂ ਕਿਹਾ ਬਿਨਾਂ ਕਿਸੇ ਕੰਮ ਤੋਂ ਬਾਹਰ ਨਾ ਨਿਕਲਿਆ ਜਾਵੇ, ਜੇਕਰ ਲੋੜ ਪੈਂਦੀ ਹੈ ਤਾਂ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਲਗਾਇਆ ਜਾਵੇ, ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਵੀ ਜ਼ਰੂਰ ਕਾਇਮ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲੱਛਣ ਦਿਖਾਈ ਦਿੰਦੇ ਹਨ ਤਾਂ ਨਾਲ ਦੀ ਨਾਲ ਟੈਸਟ ਕਰਵਾਇਆ ਜਾਵੇ।
Please Share This News By Pressing Whatsapp Button