ਮੇਰੇ ਅਤੇ ਮੇਰੇ ਸਾਥੀਆਂ ’ਤੇ ਲਗਾਏ ਸਾਰੇ ਦੋਸ਼ ਬੇਬੁਨਿਆਦ : ਸਿਮਰਨ ਮਹੰਤ
ਪਟਿਆਲਾ 26 ਮਈ (ਬਲਵਿੰਦਰ ਪਾਲ ) ਕੱਲ ਕਿੰਨਰਾਂ ਦੇ ਦੋ ਗਰੁੱਪਾਂ ਵਿਚ ਹੋਈ ਲੜਾਈ ਤੋਂ ਬਾਅਦ ਮਹੰਤ ਸਿਮਰਨ ਨੇ ਅੱਜ ਪ੍ਰੈਸ ਦੇ ਨਾ ਬਿਆਨ ਜਾਰੀ ਕਰਕੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੇਰੇ ਗੁਰੂ ਨੇ ਮੇਰੀ ਸੇਵਾ ਤੋਂ ਖੁਸ਼ ਹੋ ਕੇ ਇਸ ਡੇਰੇ ਦੀ ਵਸੀਅਤ ਮੇਰੇ ਨਾਮ ਕੀਤੀ ਸੀ ਅਤੇ ਮੈਂ ਉਸ ਵਸੀਅਤ ਦੇ ਤਹਿਤ ਇਸ ਡੇਰੇ ਦੀ ਵਾਰਿਸ ਹਾਂ ਅਤੇ ਆਪਣੇ ਇਲਾਕੇ ਵਿਚ ਵਧਾਈਆਂ ਮੰਗਣ ਦਾ ਕੰਮ ਕਰਦੀ ਹਾਂ। ਦੂਜੇ ਗਰੁੱਪ ਦੇ ਉੱਪਰ ਮੇਰੇ ਵੱਲੋਂ ਮਾਣਯੋਗ ਜੱਜ ਜੀ ਐਸ. ਜੌਹਲ ਦੀ ਅਦਾਲਤ ਵਿਚ ਦੀਵਾਨੀ ਮੁਕੱਦਮਾ ਕੀਤਾ ਹੋਇਆ ਹੈ ਅਤੇ ਦੂਜੇ ਗਰੁੱਪ ਨੂੰ ਸੰਮਨ ਵੀ ਜਾਰੀ ਹੋ ਚੁੱਕੇ ਹਨ। ਇਸ ਦੀ ਅਗਲੀ ਤਰੀਕ 27 ਮਈ 2021 ਹੈ। ਦੂਜੇ ਗਰੁੱਪ ਦੀ ਪੂਨਮ ਅਤੇ ਸ਼ਬਨਮ ਨਾਲ ਮੇਰੇ ਦੋਸਤਾਨਾ ਸੰਬੰਧ ਸਨ ਅਤੇ ਇਹ ਮੇਰੇ ਕੋਲ ਦੋਸਤੀ ਦੇ ਤਹਿਤ ਆਉਂਦੇ ਜਾਂਦੇ ਸਨ। ਪਰ ਹੁਣ ਇਨ੍ਹਾਂ ਨੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਮੇਰੇ ਅਤੇ ਮੇਰੇ ਡੇਰੇ ’ਤੇ ਹਮਲਾ ਕਰਕੇ ਮੇਰੇ ਚੇਲਿਆਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਨੂੰ ਸੱਟਾਂ ਮਾਰੀਆਂ ਜੋ ਕਿ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਹਨ ਅਤੇ ਹੁਣ ਵੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਜਾਨੋ ਮਾਰਨ ਅਤੇ ਡੇਰੇ ਉੱਪਰ ਕਬਜਾ ਕਰਨ ਦੀਆਂ ਧਮਕਿਆਂ ਲਗਾਤਾਰ ਮਿਲ ਰਹੀਆਂ ਹਨ। ਪਰ ਉਨ੍ਹਾਂ ਨੂੰ ਮਾਣਯੋਗ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਕਿ ਕੋਰਟ ਵਿਚ ਦਾਇਰ ਮੁਕੱਦਮੇ ਦੇ ਸੰਬੰਧ ਵਿਚ ਸਾਰਾ ਸਚ ਲੋਕਾਂ ਦੇ ਸਾਹਮਣੇ ਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਿੰਮੀ ਮਹੰਤ ਨਾਭਾ ਅਤੇ ਭੁੱਨਰਹੇੜੀ, ਪਾਰਵਤੀ ਚੇਲਾ, ਬਬੀਤਾ ਮਹੰਤ ਮਮਤਾ ਚੇਲਾ, ਸਿਮਰਨ ਮਹੰਤ ਆਦਿ ਹਾਜ਼ਰ ਸਨ।
Please Share This News By Pressing Whatsapp Button