ਆਕਸੀਜ਼ਨ ਦੀ ਲੋੜ ਵਾਲੇ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਲਈ ਜ਼ਿਲ੍ਹੇ ’ਚ 200 ਆਕਸੀਜ਼ਨ ਕੰਸਟ੍ਰੇਟਰ ਮੌਜ਼ੂਦ- ਡਿਪਟੀ ਕਮਿਸ਼ਨਰ
ਸੰਗਰੂਰ, 26 ਮਈ:
ਕੋਵਿਡ-19 ਦੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਯਤਨਸ਼ੀਲ ਹੈ। ਇਸਦੇ ਚੱਲਦਿਆਂ ਹੀ ਆਕਸੀਜ਼ਨ ਦੀ ਲੋੜ ਵਾਲੇ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਲਈ ਜ਼ਿਲ੍ਹੇ ’ਚ 200 ਆਕਸੀਜ਼ਨ ਕੰਸਟ੍ਰੇਟਰ ਮੌਜ਼ੂਦ ਹਨ ਜੋ ਕਿ ਸਮੂਹ ਐੱਸ.ਐੱਮ.ਓ. ਨੂੰ ਸੌਂਪ ਦਿੱਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫ਼ੇਸਬੁੱਕ ਲਾਇਵ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਰੂ-ਬ-ਰੂ ਹੁੰਦਿਆਂ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕੋਵਿਡ-19 ਦੇ ਮਰੀਜ਼ਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਕਸੀਜ਼ਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਤਹਿਤ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਫ਼ਤਿਹ ਕਿੱਟ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਕਿੱਟ ਵਿੱਚ ਪਲਸ ਆਕਸੀਮੀਟਰ ਉਪਲੱਬਧ ਹੈ ਜਿਸ ਨਾਲ ਕਿ ਮਰੀਜ਼ ਆਪਣੀ ਸਿਹਤ ਦੀ ਸਥਿਤੀ ਦਾ ਖੁਦ ਮੁਆਇਨਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਕਸੀਜ਼ਨ ਦਾ ਪੱਧਰ 94 ਫ਼ੀਸਦੀ ਤੋਂ ਘੱਟ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰੇਲੂ ਇਕਾਂਤਵਾਸ ਦੌਰਾਨ ਗੰਭੀਰ ਮਰੀਜ਼ਾਂ ਨੂੰ ਦਿਨ ’ਚ 2 ਵਾਰ ਅਤੇ ਆਮ ਮਰੀਜ਼ਾਂ ਨੂੰ 1 ਵਾਰ ਫ਼ੋਨ ’ਤੇ ਤਾਲਮੇਲ ਕਰਕੇ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲਿਆ ਜਾਂਦਾ ਹੈ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਜੇਕਰ ਅਗਲੇ ਦਿਨਾਂ ਦੌਰਾਨ ਕੋਵਿਡ-19 ਦੇ ਅੰਕੜਿਆਂ ਵਿੱਚ ਸੁਧਾਰ ਆਉਂਦਾ ਹੈ ਤਾਂ ਜ਼ਿਲ੍ਹੇ ਅੰਦਰ ਲਗਾਈਆਂ ਪਾਬੰਦੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਨਿਜ਼ਾਤ ਪਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 416491 ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿੰਨ੍ਹਾ ਵਿੱਚੋਂ 402280 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 11787 ਵਿਅਕਤੀ ਕੋਰੋਨਾਵਾਇਰਸ ਨੂੰ ਹਰਾਕੇ ਤੰਦਰੁਸਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਚ 1528 ਐਕਟਿਵ ਕੇਸ ਹਨ ਅਤੇ ਅੱਜ 151 ਵਿਅਕਤੀ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਤੰਦਰੁਸਤ ਹੋ ਚੁੱਕੇ ਹਨ।
Please Share This News By Pressing Whatsapp Button