ਜ਼ਰਜ਼ਰ ਹਾਲਾਤ ਵਿੱਚ ਹਲਕਾ ਸ਼ੁਤਰਾਣਾ ਦੇ ਕਸਬਾ ਘੱਗਾ ਦਾ ਸਿਹਤ ਕੇਂਦਰ…
ਪਟਿਆਲਾ/ਪਾਤੜਾਂ 27 ਮਈ(ਬਲਵਿੰਦਰ ਪਾਲ)
ਸੁਤੰਤਰ ਮਜ਼ਦੂਰ ਯੂਨੀਅਨ, ਭਾਰਤ ਦੇ ਪੰਜਾਬ ਕਨਵੀਨਰ ਅਤੇ ਹਲਕੇ ਸ਼ੁਤਰਾਣੇ ਵਿੱਚ ਸਰਗਰਮ ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਸਬਾ ਘੱਗਾ ਵਿਖੇ ਪੇਂਡੂ ਸਿਹਤ ਮਿਸ਼ਨ ਅਧੀਨ ਚੱਲ ਰਹੇ ਸਿਹਤ ਕੇਂਦਰ ਦੀ ਜ਼ਰਜ਼ਰ ਹੋ ਰਹੀ ਹਾਲਾਤ ਦਾ ਜਾਇਜ਼ਾ ਲਿਆ।ਪਿਛਲੇ ਕਈ ਸਾਲਾਂ ਤੋਂ ਇਸ ਸਿਹਤ ਕੇਂਦਰ ਨੂੰ ਕੋਈ ਐਮ.ਬੀ.ਬੀ.ਐਸ ਡਾਕਟਰ ਵੀ ਨਸੀਬ ਨਹੀਂ ਹੋਇਆ।ਸਿਰਫ ਇਕ ਏ.ਐਨ.ਐਮ ਅਤੇ ਹੈਲਥ ਵਰਕਰ ਨਾਲ ਹੀ ਡੰਗ ਟਪਾਈ ਕੀਤੀ ਜਾ ਰਹੀ ਹੈ।ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਸਿਹਤ ਕੇਂਦਰ ਦੀ ਜ਼ਰਜ਼ਰ ਵਿਵਸਥਾ ਨੂੰ ਦਰੁਸਤ ਕਰਕੇ ਆਮ ਗਰੀਬ ਲੋਕਾਂ ਦੀ ਸਿਹਤ ਬਚਾਉਣ ਲਈ ਸਰਕਾਰ ਕੋਲ ਆਵਾਜ਼ ਉਠਾਈ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕੋਵਿਡ—19 ਮਹਾਮਾਰੀ ਕਾਰਣ ਲੋਕਾਂ ਦੀਆਂ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ, ਸਿਹਤ ਸਹੂਲਤਾਂ ਵਿੱਚ ਸੁਧਾਰ ਹੋਣ ਦੀ ਬਜਾਏ ਲਗਾਤਾਰ ਆਮ ਲੋਕਾਂ ਤੋਂ ਸਸਤੀ ਸਿਹਤ ਸਹੂਲਤ ਦੂਰ ਕੀਤੀ ਜਾ ਰਹੀ ਹੈ। ਜੋ ਮਨੁੱਖੀ ਹੱਕਾਂ ਦਾ ਘਾਣ ਹੈ।ਕਸਬਾ ਘੱਗਾ ਦੀ ਆਬਾਦੀ 11 ਹਜਾਰ ਤੋਂ ਵੱਧ ਹੈ, ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ 10 ਹਜਾਰ ਆਬਾਦੀ ਪਿੱਛੇ ਇਕ ਐਮ.ਬੀ.ਬੀ.ਐਸ ਡਾਕਟਰ ਦੀ ਤਾਇਨਾਤੀ ਹੋਣੀ ਚਾਹੀਦੀ ਹੈ। ਅੱਜ ਕਸਬਾ ਘੱਗਾ ਜਾਂ ਇਸਦੇ ਨਜ਼ਦੀਕੀ ਪਿੰਡਾਂ ਦੇ ਲੋਕ ਛੋਟੀ ਮੋਟੀ ਬਿਮਾਰੀ ਦਾ ਇਲਾਜ ਵੀ ਇਸ ਸਿਹਤ ਕੇਂਦਰ ਤੋਂ ਨਹੀਂ ਲੈ ਸਕਦੇ। ਏਨੀ ਵੱਡੀ ਜਗਾ ਅਤੇ ਬਿਲਡਿੰਗ ਹੋਣ ਦੇ ਬਾਵਜੂਦ ਇਸ ਸਿਹਤ ਕੇਂਦਰ ਵਿੱਚ ਕੋਈ ਡਾਕਟਰ ਦੀ ਤਾਇਨਾਤੀ ਨਹੀਂ ਕੀਤੀ ਗਈ। ਜਿਸ ਕਾਰਣ ਲੋਕਾਂ ਨੂੰ ਐਮਰਜੰਸੀ ਕੋਈ ਸਿਹਤ ਸਹੂਲਤ ਨਹੀਂ ਮਿਲ ਸਕਦੀ। ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਿਹਾਤੀ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਬਿਨਾਂ ਇਲਾਜ਼ ਤੋਂ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾਵੇ। ਹਲਕਾ ਸ਼ੁਤਰਾਣੇ ਦੇ ਕਸਬਾ ਘੱਗਾ ਵਿੱਚ ਇਕ ਐਮ.ਬੀ.ਬੀ.ਐਸ ਡਾਕਟਰ ਦੀ ਫੌਰੀ ਤਾਇਨਾਤੀ ਕੀਤੀ ਜਾਵੇ। ਇਸ ਮੌਕੇ ਹਾਜਰ ਇਲਾਕਾ ਵਾਸੀਆਂ ਨੇ ਵੀ ਪੰਜਾਬ ਸਰਕਾਰ ਵਲੋਂ ਉਕਤ ਸਿਹਤ ਕੇਂਦਰ ਤੋਂ ਹੱਥ ਖਿੱਚਣ *ਤੇ ਰੋਸ ਜਾਹਿਰ ਕੀਤਾ।ਨੌਜਵਾਨ ਆਗੂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇੱਥੇ ਡਾਕਟਰ ਨਾ ਭੇਜੇ ਗਏ ਤਾਂ ਕਸਬਾ ਘੱਗਾ ਦੇ ਲੋਕ ਪੰਜਾਬ ਸਰਕਾਰ ਖਿਲਾਫ ਸੜਕਾਂ *ਤੇ ਉਤਰਨਗੇ।ਹਾਜਰ ਨੁਮਾਇੰਦਿਆਂ ਵਿੱਚ ਗੁਰਜੰਟ ਸਿੰਘ ਖਾਲਸਾ, ਜਗਸੀਰ ਸਿੰਘ ਜੱਗੀ, ਮਲਕੀਤ ਸਿੰਘ, ਨਿਰਭੈ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਸਿੰਘ ਸਾਬਕਾ ਫੌਜੀ, ਲਖਵਿੰਦਰ ਸਿੰਘ ਚੀਮਾ, ਮੰਗਤ ਵਾਲਮੀਕਿ, ਪਰਮਜੀਤ ਸਿੰਘ ਆਦਿ ਹਾਜਰ ਸਨ।
Please Share This News By Pressing Whatsapp Button