ਉਡਾਣ ਪ੍ਰਾਜੈਕਟ ਤਹਿਤ ਪਟਿਆਲਾ ਜ਼ਿਲ੍ਹੇ ਦੇ 1826 ਆਂਗਣਵਾੜੀ ਕੇਂਦਰਾਂ ‘ਚ ਲੋੜਵੰਦ ਔਰਤਾਂ ਤੇ ਲੜਕੀਆਂ ਨੂੰ ਮੁਫ਼ਤ ਮਿਲਣਗੇ ਸੈਨਟਰੀ ਪੈਡ
ਪਟਿਆਲਾ, 28 ਮਈ:
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਅਤੇ ਕਿਸ਼ੋਰੀਆਂ ਲਈ ਨੂੰ ਮਾਸਿਕ-ਧਰਮ ਸਵੱਛਤਾ ਦੀ ਅਹਿਮੀਅਤ ਸਬੰਧੀ ਜਾਗਰੂਕ ਕਰਨ ਲਈ ਨਵੇਂ ਸ਼ੁਰੂ ਕੀਤੇ ਪ੍ਰਾਜੈਕਟ ‘ਉਡਾਣ’ ਤਹਿਤ ਪਟਿਆਲਾ ਜ਼ਿਲ੍ਹੇ ਦੇ 1826 ਆਂਗਣਵਾੜੀ ਕੇਂਦਰਾਂ ਵਿਖੇ ਇਲਾਕੇ ਦੀਆਂ ਲੋੜਵੰਦ ਤੇ ਗਰੀਬ ਮਹਿਲਾਵਾਂ ਤੇ ਲੜਕੀਆਂ ਨੂੰ ਸੈਨਟਰੀ ਪੈਡ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਕੀਤਾ।
ਸ੍ਰੀਮਤੀ ਰੰਧਾਵਾ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕੌਮਾਂਤਰੀ ਮਾਸਿਕ-ਧਰਮ ਸਵੱਛਤਾ ਦਿਵਸ ਮੌਕੇ ‘ਉਡਾਣ’ ਪ੍ਰਾਜੈਕਟ ਦੀ ਰਾਜ ਵਿਆਪੀ ਸ਼ੁਰੂਆਤ ਦੌਰਾਨ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਆਨ-ਲਾਈਨ ਸੰਬੋਧਨ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਦਿਹਾਤੀ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਊਂਟਸਰ, ਯੂਥ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਸ਼ਰਮਾ ਕਾਲੂ ਵੀ ਮੌਜੂਦ ਸਨ।
ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਇਸ ਸਮੇਂ 1828 ਆਂਗਣਵਾੜੀ ਵਰਕਰ ਤੇ 69 ਸੁਪਰਵਾਈਜ਼ਰ ਕੰਮ ਕਰ ਰਹੇ ਹਨ, ਇਨ੍ਹਾ ਰਾਹੀਂ ਪੜ੍ਹਾਈ ਛੱਡ ਚੁੱਕੀਆਂ ਲੜਕੀਆਂ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ, ਜੋ ਕਿ ਸੈਨਟਰੀ ਪੈਡ ਖਰੀਦ ਨਹੀਂ ਸਕਦੀਆਂ, ਲਈ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਆਂਗਣਵਾੜੀ ਵਰਕਰ ਵੱਲੋਂ ਇਲਾਕੇ ਦੀਆਂ 50 ਲੋੜਵੰਦ ਮਹਿਲਾਵਾਂ ਤੇ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਪਟਿਆਲਾ ਜ਼ਿਲ੍ਹੇ ਦੀਆਂ ਕਰੀਬ 91400 ਤੋਂ ਵਧੇਰੇ ਮਹਿਲਾਵਾਂ ਤੇ ਲੜਕੀਆਂ ਨੂੰ ਲਾਭ ਮਿਲੇਗਾ।
ਇਸ ਮੌਕੇ ਮੌਜੂਦ ਸ੍ਰੀਮਤੀ ਕਿਰਨ ਢਿੱਲੋਂ ਅਤੇ ਸ੍ਰੀਮਤੀ ਬਿਮਲਾ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਿਆ ਗਿਆ ਇਹ ਫੈਸਲਾ ਕਾਫ਼ੀ ਸ਼ਲਾਘਾਯੋਗ ਹੈ, ਕਿਉਂਕਿ ਇਸ ਨਾਲ ਮਾਂਹਵਾਰੀ ਦੌਰਾਨ ਲੜਕੀਆਂ ਤੇ ਮਹਿਲਾਵਾਂ ਨੂੰ ਜਿੱਥੇ ਸਵੱਛਤਾ ਰੱਖਣ ‘ਚ ਮਦਦ ਮਿਲੇਗੀ, ਉਥੇ ਹੀ ਉਹ ਬਿਮਾਰੀਆਂ ਤੋਂ ਵੀ ਬਚ ਸਕਣਗੀਆਂ। ਇਸ ਤੋਂ ਇਲਾਵਾ ਮਾਂਹਵਾਰੀ ਦੇ ਦਿਨਾਂ ਦੌਰਾਨ ਔਰਤਾਂ ਨੂੰ ਆਪਣੀਆਂ ਨਿੱਤ ਦੀਆਂ ਗਤੀਵਿਧੀਆਂ ਜਾਰੀ ਰੱਖਣ ‘ਚ ਸਹਾਇਤਾ ਮਿਲੇਗੀ ਤੇ ਉਨ੍ਹਾਂ ‘ਚ ਆਤਮ ਵਿਸ਼ਵਾਸ਼ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਂਦੇ ਸਨ ਪ੍ਰੰਤੂ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਉਡਾਣ ਸਕੀਮ ਰਾਹੀਂ ਪੜਾਈ ਕਰ ਰਹੀਆਂ ਸਾਰੀਆਂ ਲੜਕੀਆਂ ਅਤੇ ਪੜਾਈ ਛੱਡ ਚੁੱਕੀਆਂ ਅਤੇ ਸਕੂਲ ਤੇ ਕਾਲਜ ਨਾ ਜਾਣ ਵਾਲੀਆਂ ਲੜਕੀਆਂ, ਗਰੀਬੀ ਰੇਖਾ ਤੋਂ ਹੇਠਾ ਰਹਿਣ ਵਾਲੀਆਂ ਔਰਤਾਂ, ਝੁੱਗੀਆਂ-ਝੌਪੜੀਆਂ ‘ਚ ਰਹਿਣ ਵਾਲੀਆਂ ਬੇਘਰ ਔਰਤਾਂ, ਟੱਪਰੀਵਾਸ (ਵਣਜਾਰਾ) ਦੀਆਂ ਮਹਿਲਾਵਾਂ ਜਾਂ ਕਿਸੇ ਹੋਰ ਸਕੀਮ ਅਧੀਨ ਨਾ ਆਉਣ ਵਾਲੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 9 ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਐਕਸਟਰਾ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਜਸਲੀਨ ਕੌਰ ਭੁੱਲਰ, ਡੀ.ਐਸ.ਪੀ. ਬਿੰਦੂ ਬਾਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੰਬੋਜ ਤੇ ਸੀ.ਡੀ.ਪੀ.ਓ ਰੇਖਾ ਵੀ ਮੌਜੂਦ ਸਨ।
Please Share This News By Pressing Whatsapp Button