‘ਕੋਵਿਡ ਮੁਕਤ ਪਿੰਡ ਮੁਹਿੰਮ’ ਨੂੰ ਕਾਮਯਾਬ ਕਰਨ ਲਈ ਅੱਗੇ ਆਉਣ ਸਰਪੰਚ-ਚੰਦਰ ਗੈਂਦ
ਨਾਭਾ/ਪਟਿਆਲਾ, 28 ਮਈ:(ਬਲਵਿੰਦਰ ਪਾਲ )
ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭ ਕੀਤੀ ਗਈ ‘ਕੋਵਿਡ ਮੁਕਤ ਪਿੰਡ’ ਮੁਹਿੰਮ ਨੂੰ ਕਾਮਯਾਬ ਕਰਨ ਲਈ ਅੱਗੇ ਆਉਣ। ਇਸ ਮੌਕੇ ਸ੍ਰੀ ਗੈਂਦ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ 100 ਫੀਸਦੀ ਆਪਣੀ ਵੈਕਸੀਨੇਸ਼ਨ ਕਰਵਾਉਣ ਤਾਂ ਕਿ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਮੁਤਾਬਕ ਉਨ੍ਹਾਂ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾ ਸਕੇ।
ਅੱਜ ਹਲਕਾ ਪਟਿਆਲਾ ਦਿਹਾਤੀ ਦੇ ਪਿੰਡਾਂ ਲੰਗ ਅਤੇ ਮੰਡੌੜ ਵਿਖੇ ਇਲਾਕੇ ਦੇ ਦਰਜਨ ਤੋਂ ਵਧੇਰੇ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਕਿ ਪਿੰਡਾਂ ‘ਚ ਵੱਧ ਰਹੀ ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਟੈਸਟ ਕਰਵਾਉਣ ਅਤੇ ਕੋਵਿਡ ਵੈਕਸੀਨੇਸ਼ਨ ਦੇ ਟੀਕੇ ਲਗਵਾਏ ਜਾਣ ਲਈ ਪ੍ਰੇਰਤ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਜਨਾਬ ਬਹਾਦਰ ਖਾਨ ਅਤੇ ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ ਵੀ ਮੌਜੂਦ ਸਨ।
ਸ੍ਰੀ ਚੰਦਰ ਗੈਂਦ ਨੇ ਪਿੰਡ ਵਾਸੀਆਂ ਨੂੰ ਕੋਵਿਡ-19 ਤੋਂ ਬਚਣ ਲਈ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਤੇ ਹੱਥ ਵਾਰ-ਵਾਰ ਧੋਣ ਜਾਂ ਸੈਨੇਟਾਈਜ ਕਰਨ ਅਤੇ ਜਰੂਰੀ ਇਹਤਿਆਤ ਵਰਤਣ ਲਈ ਪ੍ਰੇਰਤ ਕੀਤਾ। ਉਨ੍ਹਾਂ ਨੇ ਨਾਲ ਹੀ ਕੋਵਿਡ ਟੀਕਾਕਰਨ ਬਾਬਤ ਕੁਝ ਗ਼ਲਤ ਅਨਸਰਾਂ ਵੱਲੋਂ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਤੋਂ ਬਚਣ ਲਈ ਵੀ ਆਖਿਆ।
ਇਸ ਮੌਕੇ ਜਨਾਬ ਬਹਾਦਰ ਖ਼ਾਨ ਨੇ ਸ੍ਰੀ ਚੰਦਰ ਗੈਂਦ ਦਾ ਸਵਾਗਤ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਸ੍ਰੀ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਹਲਕਾ ਪਟਿਆਲਾ ਦਿਹਾਤੀ ਦੇ ਅੰਦਰ ਪੈਂਦੇ ਸ਼ਹਿਰੀ ਇਲਾਕਿਆਂ ‘ਚ ਕੋਵਿਡ ਟੀਕਾਕਰਨ ਦੀ ਮੁਹਿੰਮ ਪਹਿਲਾਂ ਹੀ ਤੇਜੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦੇ ਪਿੰਡਾਂ ਵਿੱਚ ਵੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਇੰਨ-ਬਿੰਨ ਕਰਕੇ ਕੋਵਿਡ ਮੁਕਤ ਪਿੰਡ ਮੁਹਿੰਮ ਨੂੰ ਸਫ਼ਲ ਬਣਾਇਆ ਜਾਵੇਗਾ।
ਬਲਾਕ ਸੰਮਤੀ ਮੈਂਬਰ ਹਰਜਸਪਾਲ ਸਿੰਘ, ਮੰਡੌੜ ਦੇ ਸਰਪੰਚ ਕੁਲਦੀਪ ਕੌਰ, ਸਰਪੰਚ ਲੰਗ ਬਲਵਿੰਦਰ ਸਿੰਘ, ਬੀ.ਡੀ.ਪੀ.ਓ. ਰਜਨੀਸ਼ ਗਰਗ, ਲੰਗ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ, ਨਾਭਾ ਦੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਭੀਮ ਸੈਨ, ਮੰਡੌੜ, ਹਿਆਣਾ ਖੁਰਦ, ਰਾਮਗੜ੍ਹ ਛੰਨਾ, ਅਜਨੌਦਾ, ਆਦਿ ਪਿੰਡਾਂ ਦੇ ਪੰਚ-ਸਰਪੰਚ, ਜੀ.ਓ.ਜੀਜ ਤੇ ਹੋਰ ਪਤਵੰਤੇ ਵੀ ਮੌਜੂਦ ਸਨ।
Please Share This News By Pressing Whatsapp Button