ਸਰਕਾਰੀ ਸਕੂਲਾਂ ਦੇ ਵਿਦਿਆਰਥੀ ਘਰ ਬੈਠੇ ਕਰਨਗੇ ਗਣਿਤ ਵਿਸ਼ੇ ਦੀਆਂ ਮਨੋਰੰਜਕ ਕਿਰਿਆਵਾਂ
ਪਟਿਆਲਾ 29 ਮਈ(ਬਲਵਿੰਦਰ ਪਾਲ)
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ “ਵਿਸ਼ੇਸ਼ ਸਮਰ ਗਤੀਵਿਧੀਆਂ” ਅਧੀਨ ਨਵੇਂ ਸੈਸ਼ਨ ਦੌਰਾਨ ਗਣਿਤ ਵਿਸ਼ੇ ਦੇ ਹੁਣ ਤੱਕ ਕੀਤੇ ਜਾ ਚੁੱਕੇ ਪਾਠਕ੍ਰਮ ਦੇ ਆਧਾਰ ‘ਤੇ ਮਨੋਰੰਜਕ ਅਤੇ ਸਿੱਖਿਆਦਾਇਕ ਆਨਲਾਈਨ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਵੱਖ-ਵੱਖ ਵਿਸ਼ਿਆਂ ਦੀਆਂ ਆਨਲਾਈਨ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਗਣਿਤ ਵਿਸ਼ੇ ਲਈ ਦੋ ਗਰੁੱਪਾਂ ਮਿਡਲ ਅਤੇ ਸੈਕੰਡਰੀ ਲਈ ਗਤੀਵਿਧੀਆਂ ਦੀ ਯੋਜਨਾ ਉਲੀਕੀ ਗਈ ਹੈ।ਇਹ ਗਤੀਵਿਧੀਆਂ 1 ਜੂਨ ਤੋਂ ਸ਼ੁਰੂ ਹੋ ਕੇ 23 ਜੂਨ ਤੱਕ ਜਾਰੀ ਰਹਿਣਗੀਆਂ।
ਮਿਡਲ ਗਰੁੱਪ ਦੀਆਂ ਜਮਾਤਾਂ ਛੇਵੀਂ, ਸੱਤਵੀਂ ਅਤੇ ਅੱਠਵੀਂ ਲਈ ਕੁੱਲ ਦਸ ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ ਅਤੇ ਵਿਦਿਆਰਥੀ ਇਹਨਾਂ ਵਿੱਚੋਂ ਕੋਈ ਚਾਰ ਮਨਪਸੰਦ ਗਤੀਵਿਧੀਆਂ ਕਰਨਗੇ। ਇਸੇ ਤਰ੍ਹਾਂ ਸੈਕੰਡਰੀ ਗਰੁੱਪ ਦੀਆਂ ਨੌਵੀਂ ਅਤੇ ਦਸਵੀਂ ਜਮਾਤਾਂ ਲਈ ਕੁੱਲ ਨੌਂ ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ। ਵਿਦਿਆਰਥੀ ਆਪੋ-ਆਪਣੀ ਦਿਲਚਸਪੀ ਅਨੁਸਾਰ ਕੋਈ ਚਾਰ ਕ੍ਰਿਆਵਾਂ ਕਰਨਗੇ। ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਸਮੂਹ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਨੂੰ ਲੋੜੀਂਦੀ ਅਗਵਾਈ ਦੇਣ ਲਈ ਵੀ ਕਿਹਾ।
ਜ਼ਿਲ੍ਹਾ ਮੈਂਟਰ ਗਣਿਤ ਹਰਸਿਮਰਨ ਸਿੰਘ ਨੇ ਦੱਸਿਆ ਕਿ ਇਹਨਾਂ ਕ੍ਰਿਆਵਾਂ ਦਾ ਮਨੋਰਥ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਕਰਵਾਏ ਜਾ ਚੁੱਕੇ ਪਾਠਕ੍ਰਮ ਦੀ ਦੁਹਰਾਈ ਅਤੇ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰੱਖਣਾ ਹੈ।ਉਨ੍ਹਾਂ ਕਿਹਾ ਕਿ ਇਹਨਾਂ ਪਾਠਕ੍ਰਮ ਆਧਾਰਿਤ ਗਤੀਵਿਧੀਆਂ ਦੇ ਨਾਲ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਤਰੀਕੇ ਹੀ ਮੁਕਾਬਲਾ ਪ੍ਰੀਖਿਆਵਾਂ ਐਨ ਐਮ.ਐਸ.ਐਸ ਅਤੇ ਐਨ.ਟੀ.ਐਸ.ਈ ਦੀ ਤਿਆਰੀ ਜਾਰੀ ਰੱਖਣ ਦੀ ਵੀ ਯੋਜਨਾ ਉਲੀਕੀ ਗਈ ਹੈ।
Please Share This News By Pressing Whatsapp Button