ਅਨੁਸੂਚਿਤ ਜਾਤੀਆਂ ਨਾਲ ਵਧੀਕੀ ਦੇ ਮਾਮਲੇ ’ਚ ਐਸ.ਸੀ. ਐਕਟ ਤਹਿਤ ਦਰਜ ਕਰਵਾਇਆ ਜਾਵੇਗਾ ਪਰਚਾ: ਮੈਂਬਰ ਐਸ.ਸੀ. ਕਮਿਸ਼ਨ
ਮਲੇਰਕੋਟਲਾ, 2 ਜੂਨ:
ਮਲੇਰਕੋਟਲਾ ਦੇ ਪਿੰਡ ਕੁਠਾਲਾ ਦੇ ਇੱਕ ਧਾਰਮਿਕ ਡੇਰੇ ਵੱਲੋਂ ਐਸ.ਸੀ. ਭਾਈਚਾਰੇ ਨਾਲ ਵਿਤਕਰੇ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਰਾਜ ਕੁਮਾਰ ਹੰਸ ਵੱਲੋਂ ਸਥਾਨਕ ਪੀ.ਡਬਲਿਊ.ਡੀ. ਰੈਸਟ ਹਾਊਸ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਵੱਲੋਂ ਐਸ.ਸੀ. ਭਾਈਚਾਰੇ ਦੇ ਲੋਕਾਂ ਦਾ ਪੱਖ ਸੁਣਨ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡੇਰੇ ਵਿਰੁੱਧ ਬਣਦੀ ਕਾਨੂੰਨੀ ਕਰਵਾਈ ਜਲਦ ਤੋਂ ਜਲਦ ਅਮਲ ਵਿੱਚ ਲਿਆਉਣ ਦੀ ਹਦਾਇਤ ਵੀ ਕੀਤੀ ਗਈ। ਇਸ ਮੌਕੇ ਸ੍ਰੀ ਰਾਜ ਕੁਮਾਰ ਹੰਸ ਨੇ ਕਿਹਾ ਕਿ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਨ ਲਈ ਉਹ ਕਮਿਸ਼ਨ ਦੀ ਤਰਫ਼ੋਂ ਸਮਾਂਬੱਧ ਜਾਂਚ ਲਈ ਜਲਦ ਲਿਖਤੀ ਪੱਤਰ ਵੀ ਭੇਜਣਗੇ।
ਸ਼੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਸੋਸ਼ਲ ਮੀਡੀਆ ’ਤੇ ਵੀਡਿਓ ਵਾਇਰਲ ਹੋਣ ਤੋਂ ਬਾਅਦ ਕਮਿਸ਼ਨ ਤੁਰੰਤ ਹਰਕਤ ’ਚ ਆਇਆ ਅਤੇ ਉਨਾਂ ਤੇ ਸ਼੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ’ਚ 2 ਮੈਂਬਰੀ ਟੀਮ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਲਈ ਭੇਜਿਆ ਗਿਆ ਹੈ। ਉਨਾ ਕਿਹਾ ਕਿ ਅੱਜ ਉਨਾਂ ਤੇ ਸ਼੍ਰੀਮਤੀ ਪਰਮਜੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਮਾਮਲੇ ’ਚ ਐਸ.ਸੀ. ਐਕਟ ਤਹਿਤ ਪਰਚਾ ਦਰਜ ਕਰਕੇ ਇਸਦੀ ਰਿਪੋਰਟ 7 ਜੂਨ 2021 ਤੱਕ ਕਮਿਸ਼ਨ ਦੀ ਈ-ਮੇਲ ’ਤੇ ਭੇਜਣ ਦੀ ਹਦਾਇਤ ਕੀਤੀ ਗਈ ਹੈ।
ਕਮਿਸ਼ਨ ਦੇ ਮੈਂਬਰ ਸ੍ਰੀ ਹੰਸ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਾਨੂੰਨ ਅਨੁਸਾਰ ਦੋਸ਼ੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣੀ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਤੋਂ ਉੱਪਰ ਇਸ ਦੇਸ਼ ਵਿਚ ਕੋਈ ਵੀ ਨਹੀਂ ਹੈ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਬਣਾਏ ਗਏ ਸੰਵਿਧਾਨ ਦੇ ਸਾਹਮਣੇ ਸਾਰੇ ਲੋਕ ਇੱਕ ਬਰਾਬਰ ਹਨ ਅਤੇ ਕਿਸੇ ਨਾਲ ਵੀ ਧਰਮ ਜਾਂ ਜਾਤ ਦੇ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਟੀ. ਬੇਨਿਥ, ਡੀ.ਐਸ.ਪੀ. ਸੰਜੀਵ ਕੁਮਾਰ ਅਤੇ ਸ਼ਿਕਾਇਤਕਰਤਾ ਵੀ ਹਾਜ਼ਰ ਸਨ।
Please Share This News By Pressing Whatsapp Button