ਪ੍ਰਨੀਤ ਕੌਰ ਨੇ ਰਾਜਿੰਦਰਾ ਹਸਪਤਾਲ ‘ਚ 1000 ਲਿਟਰ ਦੀ ਸਮਰੱਥਾ ਵਾਲਾ ਪਹਿਲਾ ਪੀ.ਐਸ.ਏ. ਆਕਸੀਜਨ ਜਨਰੇਟਰ ਪਲਾਂਟ ਸ਼ੁਰੂ ਕਰਵਾਇਆ
ਪਟਿਆਲ, 4 ਜੂਨ:(ਬਲਵਿੰਦਰ ਪਾਲ)
ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ (ਐਮ.ਸੀ.ਐਚ. ਇਮਾਰਤ) ਵਿਖੇ 1000 ਲਿਟਰ ਸਮਰੱਥਾ ਵਾਲਾ ਨਵਾਂ ਲਗਾਇਆ ਗਿਆ ਪੀ.ਐਸ.ਏ. (ਪ੍ਰੈਸ਼ਰ ਸਵਿੰਗ ਅਬਸੋਰਪਸ਼ਨ) ਪਲਾਂਟ, ਜੋ ਕਿ ਹਵਾ ‘ਚੋਂ ਆਕਸੀਜਨ ਲੈਕੇ ਇੱਕ ਦਿਨ ‘ਚ 200 ਵੱਡੇ ਡੀ ਟਾਈਪ ਸਿਲੰਡਰ ਭਰ ਸਕੇਗਾ, ਨੂੰ ਚਾਲੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿਖੇ ਹੀ ਐਮਰਜੈਂਸੀ ਨੇੜੇ 62.78 ਲੱਖ ਰੁਪਏ ਦੀ ਲਾਗਤ ਵਾਲਾ ਆਕਸੀਜਨ ਮੈਨੀਫੋਲਡ ਵੀ ਮਰੀਜਾਂ ਨੂੰ ਸਮਰਪਿਤ ਕੀਤਾ।
ਸੰਸਦ ਮੈਂਬਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਇਸੇ ਤਹਿਤ ਹੀ ਪਟਿਆਲਾ ਜ਼ਿਲ੍ਹੇ ‘ਚ ਆਕਸੀਜਨ ਦੇ 10 ਪਲਾਂਟ ਸਥਾਪਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਐਮ.ਪੀ.ਲੈਡ ਫੰਡ ਵਿੱਚੋਂ ਇਨ੍ਹਾਂ ਪਲਾਂਟ ਲਈ 2.08 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਖੇ ਲਿਕੁਇਡ ਮੈਡੀਕਲ ਆਕਸੀਜਨ ਦੇ ਦੋ ਹੋਰ ਪਲਾਂਟ ਵੀ ਸਥਾਪਤ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਵੀ ਮੌਜੂਦ ਸਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਅਤੇ ਇਸ ਤੋਂ ਪ੍ਰਭਾਵਤ ਮਰੀਜਾਂ ਦੀ ਸਾਂਭ-ਸੰਭਾਲ ਤੇ ਬਿਹਤਰ ਇਲਾਜ ਸਹੂਲਤਾਂ ਲਈ ਸਮੇਂ ਸਿਰ ਕਦਮ ਉਠਾਏ। ਉਨ੍ਹਾਂ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ, ਜਦੋਂ ਦੇਸ਼ ਭਰ ‘ਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਸੀ ਤਾਂ ਪੰਜਾਬ ‘ਚ ਆਕਸੀਜਨ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਗਈ। ਇਸ ਤੋਂ ਬਿਨ੍ਹਾਂ ਦਵਾਈਆਂ ਤੇ ਐਲ-3 ਬੈਡਾਂ ਦੇ ਪ੍ਰਬੰਧ ਕਰਨ ਤੋਂ ਇਲਾਵਾ ਡਾਕਟਰਾਂ ਤੇ ਹੋਰ ਸਿਹਤ ਅਮਲੇ ਦੀ ਵੀ ਸਮੇਂ ਸਿਰ ਭਰਤੀ ਕਰਕੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਪੀ.ਐਸ.ਏ. ਪਲਾਂਟ ਆਕਸੀਜਨ ਦੀ ਕੋਵਿਡ-19 ਮਰੀਜਾਂ ਲਈ ਵਧਦੀ ਮੰਗ ਨੂੰ ਇਕਦਮ ਪੂਰਿਆਂ ਕਰਨ ਦੀ ਸਮਰੱਥਾ ਰੱਖਦੇ ਹਨ। ਜਦਕਿ ਤੀਜੀ ਲਹਿਰ ਦੇ ਮੱਦੇਨਜ਼ਰ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ, ਜਿੱਥੇ ਐਲ-2 ਬੈਡ ਲਗਾਏ ਜਾ ਸਕਣਗੇ, ਵਿਖੇ ਵੀ ਮੈਨੀਫੋਲਡ ਰਾਹੀਂ ਇੱਥੇ ਦਾਖਲ ਮਰੀਜਾਂ ਤੱਕ ਪਾਇਪਾਂ ਰਾਹੀਂ ਆਕਸੀਜਨ ਪਹੁੰਚਾਈ ਜਾਵੇਗੀ।
ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਦੌਰਾਨ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਤੇ ਹੋਰ ਸਿਹਤ ਅਮਲੇ ਵੱਲੋਂ ਕੋਵਿਡ ਦੌਰਾਨ ਫਰੰਟ ਲਾਈਨ ਵਾਰੀਅਰ ਬਣਕੇ ਲੋਕਾਂ ਦੀ ਜਾਨਾਂ ਬਚਾਉਣ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ‘ਚ ਕੇਵਲ ਪਟਿਆਲਾ ਜਾਂ ਪੰਜਾਬ ਹੀ ਨਹੀਂ ਬਲਕਿ ਦੂਜੇ ਰਾਜਾਂ ਤੋਂ ਵੀ ਆਏ ਮਰੀਜਾਂ ਨੂੰ ਵੀ ਬਿਨ੍ਹਾਂ ਕਿਸੇ ਵਿਤਕਰੇ ਤੋਂ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ਲਈ ਉਹ ਸਮੁੱਚੇ ਮੈਡੀਕਲ ਅਮਲੇ ਦੇ ਧੰਨਵਾਦੀ ਹਨ।
ਇਸ ਮੌਕੇ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਦੇ ਸਪੁੱਤਰੀ ਬੀਬਾ ਜੈ ਇੰਦਰ ਕੌਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸੋਨੂ ਸੰਗਰ, ਬਲਾਕ ਪ੍ਰਧਾਨ ਅਤੁਲ ਜੋਸ਼ੀ, ਯੂਥ ਹਲਕਾ ਪ੍ਰਧਾਨ ਅਨੁਜ ਖੋਸਲਾ, ਸੰਦੀਪ ਮਲਹੋਤਰਾ, ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਇਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਡਾ. ਗਿਰੀਸ਼ ਸਾਹਨੀ, ਡਾ. ਵਿਸ਼ਾਲ ਚੋਪੜਾ, ਡਾ. ਅਮਨਦੀਪ ਬਖ਼ਸ਼ੀ, ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਐਸ.ਐਲ. ਗਰਗ, ਐਕਸੀਐਨ ਦਵਿੰਦਰ ਕੌਸ਼ਲ, ਜਨ ਸਿਹਤ ਵਿਭਾਗ ਦੇ ਐਸਕਸੀਐਨ ਅਮਰੀਕ ਸਿੰਘ ਵੀ ਮੌਜੂਦ ਸਨ।
Please Share This News By Pressing Whatsapp Button