ਬਿਜਲੀ ਦੇ ਲੰਮੇ ਕੱਟਾਂ ਤੋਂ ਦੁਖੀ ਲੋਕਾਂ ਨੇ ਗਰਿੱਡ ਅੱਗੇ ਦਿੱਤਾ ਧਰਨਾ
ਪਾਤੜਾਂ, 11 ਜੂਨ ( ਰਮਨ ਜੋਸ਼ੀ) ਹਲਕਾ ਸ਼ੁਤਰਾਣਾ ਦੇ ਕਈ ਪਿੰਡਾਂ ਵਿਚ ਬਿਜਲੀ ਦੇ ਲੱਗਦੇ ਲੰਬੇ ਕੱਟਾਂ ਤੋਂ ਲੋਕ ਦੁਖੀ ਹੋ ਚੁੱਕੇ ਹਨ ਅਤੇ ਲੋਕਾਂ ਨੇ ਪਾਵਰਕੌਮ ਦੇ ਸ਼ੁਤਰਾਣਾ ਗਰਿੱਡ ‘ਚ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸੇ ਦੌਰਾਨ ਇਕੱਠੇ ਹੋਏ ਲੋਕਾਂ ਨੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ। ਮੌਕੇ ‘ਤੇ ਪਹੁੰਚੇ ਪਾਵਰਕੌਮ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਨਿਰਵਿਘਨ ਸਪਲਾਈ ਦੇਣ ਦਾ ਭਰੋਸਾ ਦਿੱਤਾ । ਹਰਪਾਲ ਸਿੰਘ ਸ਼ੁਤਰਾਣਾ, ਸੁਖਵਿੰਦਰ ਸਿੰਘ ਝੱਬਰ, ਅਮਰੀਕ ਸਿੰਘ ਸਕੱਤਰ, ਰਾਜ ਕੁਮਾਰ ਰਾਜਪੂਤ, ਨੰਬਰਦਾਰ ਗੁਰਬਖ਼ਸ਼ ਸਿੰਘ, ਜਤਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ਼ੁਤਰਾਣਾ ਦੇ ਲੋਕਾਂ ਨੇ ਪਾਵਰਕੌਮ ਵਿਭਾਗ ਨੂੰ ਗਰਿੱਡ ਬਣਾਉਣ ਲਈ ਪੰਚਾਇਤੀ ਜ਼ਮੀਨ ਮੁਫ਼ਤ ‘ਚ ਦਿੱਤੀ ਸੀ, ਜਿਸ ਦੇ ਬਦਲੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦਾ ਕਰਾਰ ਹੋਇਆ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਬਿਜਲੀ ਦੇ ਲੰਬੇ-ਲੰਬੇ ਕੱਟ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦਫ਼ਤਰ ਸ਼ੁਤਰਾਣਾ ਅਧਿਕਾਰੀਆਂ ਤੇ ਕਰਮਚਾਰੀਆਂ ਪੱਖੋਂ ਪੂਰੀ ਤਰ੍ਹਾਂ ਖਾਲੀ ਹੋਣ ਕਰਕੇ ਜਦੋਂ ਵੀ ਬਿਜਲੀ ਦੀ ਕੋਈ ਲਾਈਨ ਫਾਲ਼ਟ ਹੁੰਦੀ ਹੈ ਤਾਂ ਕਈ-ਕਈ ਦਿਨ ਲੋਕਾਂ ਨੂੰ ਬਿਜਲੀ ਨਸੀਬ ਨਹੀਂ ਹੁੰਦੀ ਤੇ ਅੱਗੇ ਝੋਨੇ ਦਾ ਸੀਜ਼ਨ ਹੋਣ ਕਰਕੇ ਸਥਿਤੀ ਹੋਰ ਵੀ ਗੰਭੀਰ ਹੋਣ ਦਾ ਖ਼ਤਰਾ ਹੈ। ਲੋਕਾਂ ਮੁਤਾਬਿਕ ਜਦੋਂ ਵੀ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਗਰਿੱਡ ਦੇ ਕਰਮਚਾਰੀਆਂ ਵਲੋਂ ਬਿਜਲੀ ਦੀ ਲਾਈਨ ਫਾਲ਼ਟ ਦੱਸੀ ਜਾਂਦੀ ਹੈ ਤੇ ਕਈ-ਕਈ ਘੰਟੇ ਸਪਲਾਈ ਬੰਦ ਰਹਿੰਦੀ ਹੈ । ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ‘ਚ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਵਲੋਂ ਪਾਵਰਕੌਮ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ੁਤਰਾਣਾ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੱਡੇ ਪੱਧਰ ‘ਤੇ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪੂਰਾ ਕਰਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ ।
ਇਸ ਸਬੰਧੀ ਪਾਵਰਕੌਮ ਦੇ ਪਾਤੜਾਂ ਡਵੀਜ਼ਨ ਦੇ ਐਕਸੀਅਨ ਐੱਨਕੇ ਜਿੰਦਲ ਨੇ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਸਬੰਧੀ ਸਮੇਂ ਸਮੇਂ ਲਿਖ ਕੇ ਵਿਭਾਗ ਨੂੰ ਭੇਜਿਆ ਜਾਂਦਾ ਹੈ । ਇਸੇ ਦੌਰਾਨ ਉਨ੍ਹਾਂ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਹੈ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ ।
Please Share This News By Pressing Whatsapp Button