ਮਿਸ਼ਨ ਫ਼ਤਿਹ: ਕੋਵਿਡ-19 ਦੇ ਖ਼ਤਰੇ ਤੋਂ ਬਚਾਅ ਲਈ ਵੈਕਸੀਨੇਸ਼ਨ ਜ਼ਰੂਰੀ: ਡਿਪਟੀ ਕਮਿਸ਼ਨਰ
ਸੰਗਰੂਰ, 16 ਜੂਨ:ਪੂਰੇ ਦੇਸ਼ ਅੰਦਰ ਭਾਵੇਂ ਕੋਵਿਡ-19 ਦੇ ਕੇਸਾਂ ਵਿੱਚ ਕਮੀ ਆਈ ਹੈ ਪਰ ਇਸਦਾ ਖ਼ਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਅਤੇ ਇਸ ਖ਼ਤਰੇ ਤੋਂ ਬਚਣ ਲਈ ਇਸਦਾ ਇੱਕੋ-ਇੱਕ ਹੱਲ ਵੈਕਸੀਨੇਸ਼ਨ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫ਼ੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨਾਲ ਰੂ-ਬ-ਰੂ ਹੁੰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਅਤੇ ਕਰੀਬ 20 ਹਜ਼ਾਰ ਖੁਰਾਕਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਵੱਖ ਵੱਖ ਸਿਹਤ ਸੰਸਥਾਵਾਂ ਅਤੇ ਹੋਰਨਾਂ ਥਾਂਵਾਂ ’ਤੇ ਟੀਕਾਕਰਨ ਕੈਂਪ ਲਗਾ ਕੇ ਯੋਗ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਲਈ ਜ਼ਿਲ੍ਹੇ ਅੰਦਰ ਆਊਟਰੀਚ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਟੀਕਾਕਰਨ ਕੈਂਪ ਲਗਵਾਉਣ ਲਈ ਪਹੰੁਚ ਕਰਦੀ ਹੈ ਤਾਂ ਉਸ ਬਾਰੇ ਵੀ ਵਿਚਾਰ ਕੀਤੀ ਜਾਵੇਗੀ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਕੋਵਿਡ-19 ਤੋਂ ਮੁਕੰਮਲ ਸੁਰੱਖਿਆ ਲਈ ਵੈਕਸੀਨ ਕਾਰਗਰ ਹਥਿਆਰ ਹੈ, ਇਸ ਲਈ ਕੋਈ ਵੀ ਵਿਅਕਤੀ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਖਿਲਾਫ਼ ਮੁਕੰਮਲ ਸੁਰੱਖਿਆ ਕਵੱਚ ਬਣਾਉਣ ਲਈ ਜ਼ਰੂਰੀ ਹੈ ਕਿ ਹਰ ਨਾਗਰਿਕ ਵੈਕਸੀਨ ਲਗਵਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਫ਼ਰੰਟਲਾਇਨ ਵਰਕਰਾਂ ਤੇ ਪੁਲਿਸ ਕਰਮਚਾਰੀਆਂ ਵੱਲੋਂ ਮੁੱਢਲੇ ਪੜਾਅ ਵਿੱਚ ਵੈਕਸੀਨ ਲਗਵਾਈ ਗਈ ਸੀ ਜਿਸ ਸਦਕਾ ਇਨ੍ਹਾਂ ਵਿਅਕਤੀਆਂ ’ਚ ਕੋਵਿਡ ਦੀ ਦੂਜੀ ਲਹਿਰ ਦਾ ਪ੍ਰਭਾਵ ਘੱਟ ਵੇਖਣ ਨੂੰ ਮਿਲਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵਾਤਾਵਰਨ ਨੂੰ ਸੁਰੱਖਿਅਤ ਕਰਨ ਲਈ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਈ ਹਰਿਆਲੀ ਐਪ ਰਾਹੀਂ ਪੰਜਾਬ ਸਰਕਾਰ ਵੱਲੋਂ ਪੌਦੇ ਉਪਲੱਬਧ ਕਰਵਾਏ ਜਾ ਰਹੇ ਹਨ, ਇਸ ਲਈ ਇਸਦਾ ਲਾਭ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਨੇੜੇ ਦੀ ਨਰਸਰੀ ਅਤੇ ਪੌਦਿਆਂ ਦੀ ਕਿਸਮ ਦੀ ਮੁਕੰਮਲ ਜਾਣਕਾਰੀ ਮਿਲ ਜਾਂਦੀ ਹੈ, ਜਿੱਥੋਂ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ।
Please Share This News By Pressing Whatsapp Button