ਵਿਜੈ ਇੰਦਰ ਸਿੰਗਲਾ ਨੇ ਬਸੇਰਾ ਸਕੀਮ ਦੇ ਲਾਭਪਾਤਰੀਆਂ ਨੂੰ ਦਿੱਤੇ ਜ਼ਮੀਨਾਂ ਦੇ ਮੁਫ਼ਤ ਮਾਲਕਾਨਾ ਹੱਕ ਤੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਵਿੱਤੀ ਸਹਾਇਤਾ ਦੇ ਵੰਡੇ ਸਰਟੀਫਿਕੇਟ
ਸੰਗਰੂਰ, 21 ਜੂਨ:
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ‘ਬਸੇਰਾ’ ਤਹਿਤ ਸੰਗਰੂਰ ਸ਼ਹਿਰ ਦੇ ਸਲੱਮ ਖੇਤਰਾਂ ’ਚ ਰਹਿਣ ਵਾਲੇ ਲਗਭਗ 50 ਬਾਸ਼ਿੰਦਿਆਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਪ੍ਰਦਾਨ ਕਰਨ ਦੇ ਸਰਟੀਫਿਕੇਟ ਵੰਡੇ। ਇਸਦੇ ਨਾਲ ਹੀ ਇੱਕ ਹੋਰ ਵੱਖਰੇ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਲਗਭਗ 165 ਲਾਭਪਾਤਰੀਆਂ ਨੂੰ ਪੱਕੇ ਮਕਾਨ ਬਣਾਉਣ ਲਈ ਕਿਸ਼ਤਾਂ ’ਚ ਮਿਲਣ ਵਾਲੀ 1.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਸਹਾਇਤਾ ਦੇ ਮਨਜ਼ੂਰੀ ਸਰਟੀਫਿਕੇਟ ਵੀ ਤਕਸੀਮ ਕੀਤੇ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਸੰਗਰੂਰ ਹਲਕਾ ਉਨਾਂ ਦੇ ਆਪਣੇ ਪਰਿਵਾਰ ਵਾਂਗ ਹੈ ਅਤੇ ਹਲਕੇ ਵਿਚ ਰਹਿਣ ਵਾਲੇ ਕਿਸੇ ਵੀ ਯੋਗ ਲਾਭਪਾਤਰੀ ਨੂੰ ਉਹ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦੇਣਗੇ। ਉਨਾਂ ਕਿਹਾ ਕਿ ਇਸ ਕੰਮ ਲਈ ਜ਼ਿਲਾ ਪ੍ਰਸ਼ਾਸਨ ਦੇ ਨਾਲ-ਨਾਲ ਉਨਾਂ ਵੱਲੋਂ ਸਥਾਨਕ ਆਗੂਆਂ ਦੀ ਅਗਵਾਈ ਵਿਚ ਆਪਣੀ ਟੀਮ ਵੀ ਲੋਕ ਭਲਾਈ ਦੇ ਕੰਮਾਂ ’ਚ ਪੂਰੀ ਮੁਸ਼ਤੈਦੀ ਨਾਲ ਲਗਾਈ ਹੋਈ ਹੈ ਜੋ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਭਲਾਈ ਸਕੀਮਾਂ ਤੇ ਉਨਾਂ ਦੇ ਲਾਭਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹਨ।
ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਅੱਜ ਬਸੇਰਾ ਸਕੀਮ ਤਹਿਤ ਸ਼ਹਿਰ ਦੇ ਰਵੀਦਾਸ ਨਗਰ, ਸੁੰਦਰ ਬਸਤੀ, ਘੁਮਿਆਰ ਬਸਤੀ, ਭੱਲਾ ਬਸਤੀ ਅਤੇ ਡਾ. ਅੰਬੇਦਕਰ ਨਗਰ ਵਿਖੇ ਬਸੇਰਾ ਸਕੀਮ ਤਹਿਤ ਆਉਣ ਵਾਲੇ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਮਾਲਕਾਨਾ ਹੱਕ ਦੇ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੂਰੇ ਪੰਜਾਬ ਦੇ 1 ਲੱਖ ਤੋਂ ਵੱਧ ਝੁੱਗੀਆਂ ਵਾਲਿਆਂ ਨੂੰ ਅਜਿਹੇ ਮਾਲਕਾਨਾ ਹੱਕ ਦਿੱਤੇ ਜਾਣੇ ਹਨ ਅਤੇ ਸੰਗਰੂਰ ਹਲਕੇ ਵਿਚ ਵੀ ਹੁਣ ਤੱਕ ਲਗਭਗ 621 ਪਰਿਵਾਰਾਂ ਨੂੰ ਯੋਗ ਪਾਇਆ ਗਿਆ ਹੈ ਜਿਨਾਂ ਨੂੰ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਮਾਲਕਾਨਾ ਹੱਕ ਮੁਹੱਈਆ ਕਰਵਾ ਦਿੱਤੇ ਜਾਣਗੇ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਸੇਰਾ ਸਕੀਮ ਦੀ ਸ਼ੁਰੂਆਤ ਕਰਕੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣਾ ਅਜਿਹਾ ਸ਼ਲਾਘਾਯੋਗ ਫੈਸਲਾ ਹੈ ਜਿਸ ਸਬੰਧੀ ਪਿਛਲੀਆਂ ਸਰਕਾਰਾਂ ਦੇ ਵਾਅਦੇ ਕਦੇ ਵੀ ਵਫ਼ਾ ਨਹੀਂ ਹੋਏ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ‘ਦ ਪੰਜਾਬ ਸਲੱਮ ਡਵੈਲਰਜ਼ (ਪ੍ਰੋਪਰਾਈਟਰੀ ਰਾਈਟਸ) ਐਕਟ, 2020’ ਦੀ ਨੋਟੀਫਿਕੇਸ਼ਨ ਦੀ ਮਿਤੀ ਭਾਵ 1 ਅਪ੍ਰੈਲ, 2020 ਨੂੰ ਕਿਸੇ ਵੀ ਸ਼ਹਿਰੀ ਖੇਤਰ ਦੇ ਝੁੱਗੀ-ਝੌਂਪੜੀ ਵਾਲੇ ਹਿੱਸੇ ਵਿਚਲੀ ਜ਼ਮੀਨ ਵਾਲੇ ਘਰ ਇਸ ਸਕੀਮ ਲਈ ਪਾਤਰ ਹਨ।
Please Share This News By Pressing Whatsapp Button