ਰੈੱਡ ਕਰਾਸ ਸੰਗਰੂਰ ਦਾ ਨਸ਼ਾ ਛੁਡਾਉ ਕੇਂਦਰ ਪੀੜਤ ਨੌਜੁਆਨਾਂ ਲਈ ਸਾਬਤ ਹੋ ਰਿਹਾ ਹੈ ਚਾਨਣ ਮੁਨਾਰਾ
ਸੰਗਰੂਰ , 25 ਜੂਨ:
ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਭੈੜੀ ਸੰਗਤ ਕਾਰਨ ਨਸ਼ਿਆਂ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਨੌਜਵਾਨ ਜਿੱਥੇ ਨਸ਼ਿਆਂ ਤੋਂ ਮੁਕਤ ਹੋ ਕੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਰਹੇ ਹਨ ਉੱਥੇ ਹੀ ਆਪਣੇ ਪਰਿਵਾਰ ਦਾ ਸਹਾਰਾ ਵੀ ਬਣ ਰਹੇ ਹਨ। ਜ਼ਿਲ੍ਹਾ ਸੰਗਰੂਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਉਣ ਉਪਰੰਤ ਨਸ਼ਾ ਮੁਕਤ ਹੋਏ ਇਹਨਾਂ ਨੌਜਵਾਨਾਂ ਲਈ ਇਹ ਕੇਂਦਰ ਚਾਨਣ ਮੁਨਾਰਾ ਸਾਬਤ ਹੋਇਆ ਹੈ ਅਤੇ ਇਹ ਨੌਜਵਾਨ ਹੁਣ ਹੋਰਨਾਂ ਲਈ ਮਿਸਾਲ ਅਤੇ ਪ੍ਰੇਰਨਾ ਸਰੋਤ ਵੀ ਹਨ ।
ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਸੰਗਰੂਰ ਤੋਂ ਇਲਾਜ ਕਰਵਾ ਕੇ ਠੀਕ ਹੋਏ, ਇੱਕ ਨੌਜਵਾਨ ਹਰਪ੍ਰੀਤ ਸਿੰਘ (ਕਾਲਪਨਿਕ ਨਾਂਅ )ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਆਰੰਭੀ ਨਸ਼ਾ ਛੁਡਾਊ ਮੁਹਿੰਮ ਨੇ ਉਸ ਨੂੰ ਮੁੜ ਤੋਂ ਜ਼ਿੰਦਗੀ ਪ੍ਰਦਾਨ ਕੀਤੀ ਹੈ। ਉਸ ਨੇ ਦੱਸਿਆ ਕਿ ਨਸ਼ੇ ਕਾਰਨ ਉਹ ਸਮਾਜ ਤੇ ਪਰਿਵਾਰ ਨਾਲੋਂ ਟੁੱਟ ਚੁੱਕਾ ਸੀ। ਉਸ ਨੇ ਦੱਸਿਆ ਕਿ ਨਸ਼ਿਆਂ ਨੇ ਜਿੱਥੇ ਉਸ ਦੇ ਸਰੀਰ ਨੂੰ ਨੁਕਸਾਨ ਕੀਤਾ ਉੱਥੇ ਹੀ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਪਤਲੀ ਕਰ ਦਿੱਤੀ ਸੀ। ਉਸ ਵੱਲੋਂ ਘਰ ਦਾ ਸਾਮਾਨ ਵੇਚ ਕੇ ਵੀ ਨਸ਼ਿਆਂ ਦੀ ਪੂਰਤੀ ਕੀਤੀ ਜਾਂਦੀ ਸੀ। ਉਸ ਨੌਜਵਾਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਜਦੋਂ ਉਹ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਚ ਆਇਆ ਤਾਂ ਉਸਨੂੰ ਇੱਥੋਂ ਦੇ ਮਾਹੌਲ ਅਤੇ ਇਲਾਜ ਨੇ ਮੁੜ ਤੰਦਰੁਸਤ ਜੀਵਨ ਵੱਲ ਮੋੜ ਲਿਆਂਦਾ। ਠੀਕ ਹੋਣ ਉਪਰੰਤ ਉਸ ਨੌਜਵਾਨ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਗਿਆ।
ਇਸੇ ਤਰ੍ਹਾਂ ਨੌਜਵਾਨ ਜਗਸੀਰ ਸਿੰਘ(ਕਾਲਪਨਿਕ ਨਾਂਅ) ਨੇ ਦੱਸਿਆ ਕਿ ਉਹ ਚਿੱਟੇ ਦੀ ਲਪੇਟ ਵਿਚ ਆਉਣ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਚੁੱਕਾ ਸੀ। ਇਹ ਨਸ਼ਾ ਛੁਡਾਊ ਕੇਂਦਰ ਉਸ ਦੀ ਜ਼ਿੰਦਗੀ ਬਦਲਣ ਵਿਚ ਬੜਾ ਸਹਾਈ ਹੋਇਆ । ਹੁਣ ਉਹ ਹਰ ਤਰ੍ਹਾਂ ਦਾ ਨਸ਼ਾ ਛੱਡ ਚੁੱਕਾ ਹੈ ਅਤੇ ਆਪਣੀ ਪੜ੍ਹਾਈ ਨੂੰ ਦੁਬਾਰਾ ਸ਼ੁਰੂ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਜਿਹੜਾ ਸਮਾਜ ਪਹਿਲਾਂ ਉਸ ਨੂੰ ਨਫ਼ਰਤ ਕਰਦਾ ਸੀ ਅੱਜ ਉਸ ਨੂੰ ਹਰ ਪਾਸੇ ਸਤਿਕਾਰ ਮਿਲ ਰਿਹਾ ਹੈ ।
ਪ੍ਰਾਜੈਕਟ ਡਾਇਰੈਕਟਰ ਸ਼੍ਰੀ ਮੋਹਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਰੀਬ 5000 ਨੌਜਵਾਨ ਇਸ ਕੇਂਦਰ ਤੋਂ ਨਸ਼ਾ ਮੁਕਤ ਹੋ ਕੇ ਇਕ ਜ਼ਿੰਮੇਵਾਰ ਨਾਗਰਿਕ ਦੇ ਤੌਰ ਤੇ ਸਮਾਜ ਵਿੱਚ ਵਿਚਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਾ ਛੁਡਵਾਉਣ ਲਈ ਸਿਰਫ਼ ਦਵਾਈ ਨਹੀਂ ਸਗੋਂ ਪੀੜਤ ਵਿਅਕਤੀ ਦੀ ਸੋਚ ‘ਚ ਵੀ ਤਬਦੀਲੀ ਲਿਆਉਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਉ ਕੇਂਦਰ ਵਿੱਚ ਦਵਾਈ ਦੇ ਨਾਲ ਨਾਲ ਕਾਉਂਸਲਿੰਗ, ਯੋਗਾ, ਧਰਮ ਅਤੇ ਸਾਹਿਤ ਨਾਲ ਜੋੜਨਾ ਉਨ੍ਹਾਂ ਨੂੰ ਨਸ਼ੇ ਦੀ ਦਲਦਲ ‘ਚੋਂ ਬਾਹਰ ਕੱਢਣ ਵਿੱਚ ਸਹਾਈ ਸਿੱਧ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਇਲਾਜ ਦੌਰਾਨ ਕੰਪਿਊਟਰ ਟ੍ਰੇਨਿੰਗ ਅਤੇ ਮੋਮਬੱਤੀਆਂ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਅਕਸਰ ਨਸ਼ਿਆਂ ਦੇ ਆਦੀ ਵਿਅਕਤੀਆਂ ਦੀਆਂ ਪਤਨੀਆਂ ਉਨ੍ਹਾਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ । ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਅਜਿਹੇ 10 ਪਰਿਵਾਰਾਂ ਨੂੰ ਮੁੜ ਜੋਡ਼ਿਆ ਗਿਆ ਹੈ ਜਿਨ੍ਹਾਂ ਵਿੱਚ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਤੰਦਰੁਸਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਕ ਨੌਜਵਾਨ ਨੇ ਨਸ਼ਾ ਛੱਡਣ ਦੇ ਨਾਲ ਨਾਲ ਇਸ ਕੇਂਦਰ ਵਿੱਚ ਰਹਿ ਕੇ ਸ੍ਰੀ ਜਪੁਜੀ ਸਾਹਿਬ ਦੀ ਬਾਣੀ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ ਹੈ ।
ਸ੍ਰੀ ਮੋਹਨ ਸ਼ਰਮਾ ਨੇ ਪੰਜਾਬ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੇ ਬਹੁਤ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਨਾਲ ਨਸ਼ਿਆਂ ਨੂੰ ਛੱਡਿਆ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨੌਜਵਾਨ ਕਿਸੇ ਕਾਰਨ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕਾ ਹੈ ਤਾਂ ਉਹ ਆਪਣੇ ਆਪ ਨੂੰ ਇਸ ਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਲਾਹਾ ਜ਼ਰੂਰ ਲਵੇ
Please Share This News By Pressing Whatsapp Button