45 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਯੋਗ ਵਿਅਕਤੀਆਂ ਦਾ 100 ਫੀਸਦ ਟੀਕਾਕਰਨ ਵਾਲਾ ਸੰਗਰੂਰ ਦਾ ਪਹਿਲਾ ਪਿੰਡ ਬਣਿਆ ਦੇਹ ਕਲਾਂ: ਡਿਪਟੀ ਕਮਿਸ਼ਨਰ
ਸੰਗਰੂਰ, 25 ਜੂਨ:
ਮਿਸ਼ਨ ਫ਼ਤਿਹ ਤਹਿਤ ਕੋਵਿਡ ਟੀਕਾਕਰਣ ਵਿੱਚ ਜਿਲ੍ਹੇ ‘ਚ ਮੋਹਰੀ ਰਹਿੰਦਿਆਂ ਸਬ ਡਵੀਜਨ ਸੰਗਰੂਰ ਦੇ ਪਿੰਡ ਦੇਹ ਕਲਾਂ ਨੇ ਅੱਜ ਆਪਣੀ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਦਾ ਸੌ ਫ਼ੀਸਦੀ ਟੀਕਾਕਰਨ ਕਰਕੇ ਇੱਕ ਰਿਕਾਰਡ ਬਣਾਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦਿੰਦਿਆਂ ਦੱਸਿਆ ਕਿ ਪਿੰਡ ਦੇਹ ਕਲਾਂ ਦੀ ਆਬਾਦੀ 849 ਹੈ, ਜਿਨ੍ਹਾਂ ਵਿਚੋਂ 245 ਵਸਨੀਕ 45 ਸਾਲ ਤੋਂ ਵਧੇਰੇ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ 45 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਯੋਗ ਵਿਅਕਤੀਆਂ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਦਿੱਤੀ ਗਈ ਹੈ ਜਿਹੜੇ ਤਿੰਨ ਵਿਅਕਤੀ ਰਹਿ ਗਏ ਹਨ ਉਹ ਕੁਝ ਸਮਾਂ ਪਹਿਲਾਂ ਪਾਜ਼ਿਟਿਵ ਪਾਏ ਗਏ ਸਨ ਤੇ ਇਨ੍ਹਾਂ ਨੂੰ ਵੈਕਸੀਨੇਸ਼ਨ ਲਈ ਨਿਰਧਾਰਿਤ ਸਮਾਂ ਪੂਰੀ ਹੋਣ ’ਤੇ ਹੀ ਲਗਾਈ ਜਾ ਸਕੇਗੀ।
ਇਸਦੇ ਨਾਲ ਹੀ ਪਿੰਡਾਂ ਤੇ ਸ਼ਹਿਰਾਂ ਵਿਚ ਵਿਜੈ ਇੰਦਰ ਸਿੰਗਲਾ ਵੱਲੋਂ ਚਲਾਈ ਗਈ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਵੀ ਲੋਕਾਂ ਨੂੰ ਘਰ-ਘਰ ਜਾ ਕੇ ਅਤੇ ਹੋਰਨਾਂ ਪ੍ਰਚਾਰ ਸਾਧਨਾਂ ਰਾਹੀਂ ਵੈਕਸੀਨੇਸ਼ਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਸਦਕਾ ਲੋਕ ਆਪ ਮੁਹਾਰੇ ਟੀਕਾਕਰਨ ਕਰਵਾਉਣ ਲਈ ਅੱਗੇ ਆ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੇਹ ਕਲਾਂ ਪਿੰਡ ’ਚ ਵੀ ਸਿਹਤ ਵਿਭਾਗ ਤੇ ਐਸ.ਡੀ. ਐਮ. ਸੰਗਰੂਰ ਯਸ਼ ਪਾਲ ਸ਼ਰਮਾਂ ਦੇ ਯਤਨਾਂ ਦੇ ਨਾਲ-ਨਾਲ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਦੇ ਵਲੰਟੀਅਰਾਂ ਵੱਲੋਂ 100 ਫੀਸਦ ਟੀਕਾਕਰਨ ਲਈ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।
ਸ਼੍ਰੀ ਰਾਮਵੀਰ ਦੱਸਿਆ ਕਿ ਇਸ ਨਾਲ ਪਿੰਡ ਦੀ ਪੰਚਾਇਤ ਵਿਸ਼ੇਸ਼ ਵਿਕਾਸ ਗਰਾਂਟ ਲਈ ਯੋਗ ਬਣਨ ਵਿਚ ਸਥਾਨਕ ਨਾਗਰਿਕ ਸੰਸਥਾਵਾਂ ਚੋਂ ਮੋਹਰੀ ਬਣ ਗਈ ਹੈ। ਜ਼ਿਕਰਯੋਗ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਸੰਪੂਰਨ ਕੋਵਿਡ ਟੀਕਾਕਰਣ ਦੇ ਟੀਚੇ ਨੂੰ ਪੂਰਾ ਕਰਨ ਵਾਲੇ ਪਿੰਡਾਂ ਦੀ ਪੰਚਾਇਤ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
ਡਿਪਟੀ ਕਮਿਸਨਰ ਨੇ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ‘ਕੋਰੋਨਾ ਮੁਕਤ ਪਿੰਡ ਅਭਿਆਨ’ ਤਹਿਤ ਸੌ ਫ਼ੀਸਦੀ ਲੋਕਾਂ ਨੂੰ ਟੀਕਾ ਲਗਵਾਉਣ ਲਈ ਆਪਣੀ ਪੂਰੀ ਵਾਹ ਲਾਉਣ ਤਾਂ ਜੋ ਅਸੀਂ ਆਪਣੇ ਸਮਾਜ ਵਿਚੋਂ ਕੋਵਿਡ-19 ਨੂੰ ਖਤਮ ਕਰ ਸਕੀਏ।
ਇਸ ਮੌਕੇ ਐਸ.ਡੀ.ਐਮ. ਸੰਗਰੂਰ ਯਸ਼ ਪਾਲ ਸ਼ਰਮਾ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਗਵਾਨ ਸਿੰਘ, ਐਸ.ਐਮ.ਓ. ਡਾ. ਅੰਜੂ ਸਿੰਗਲਾ, ਪਿੰਡ ਦੀ ਪੰਚਾਇਤ ਤੇ ਹੋਰ ਮੋਹਤਬਰ ਹਾਜ਼ਰ ਸਨ।
Please Share This News By Pressing Whatsapp Button