ਮੋਦੀ ਕਾਲਜ ਵੱਲੋਂ ਚਾਰ-ਰੋਜ਼ਾ ਵੈਲਨੈੱਸ ਲੈਕਚਰ ਸੀਰੀਜ਼ ਸੰਪੰਨ
ਪਟਿਆਲਾ: 26 ਜੂਨ,(ਬਲਵਿੰਦਰ ਪਾਲ)
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਾਲਜ ਦੇ ਐੱਨ.ਐੱਸ.ਐੱਨ ਅਤੇ ਐੱਨ.ਸੀ.ਸੀ ਵਿਭਾਗਾਂ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਯੋਗਾ ਦਿਵਸ 2021 ਨੂੰ ਸਮਰਪਿਤ ਇੱਕ ਚਾਰ-ਰੋਜ਼ਾ ਵਿਸ਼ੇਸ਼ ਭਾਸਣਾਂ ਤੇ ਅਧਾਰਿਤ ਵੈਲਨੈੱਸ ਸੀਰੀਜ਼ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਯੋਗਾ ਮਾਹਿਰਾਂ ਦੇ ਵਿਸ਼ੇਸ਼ ਭਾਸਣਾਂ ਰਾਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਯੋਗਾ ਦੀ ਮਹਤੱਤਾ, ਇਸ ਦੇ ਵੱਖ-ਵੱਖ ਪਹਿਲੂਆਂ ਅਤੇ ਆਧੁਨਿਕ ਜੀਵਨ-ਜਾਂਚ ਵਿੱਚ ਇਸ ਨੂੰ ਅਪਨਾਉਣ ਦੀ ਜ਼ਰੂਰਤ ਬਾਰੇ ਚਰਚਾ ਕੀਤੀ ਗਈ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਸੀਰੀਜ਼ ਦਾ ਆਗਾਜ਼ ਕਰਦਿਆ ਅਤੇ ਯੋਗਾ ਦੇ ਇਤਿਹਾਸ ਤੇ ਝਾਤ ਮਾਰਦਿਆ ਕਿਹਾ ਕਿ ਯੋਗਾ ਪ੍ਰਾਚੀਨ ਕਾਲ ਤੋਂ ਸਰੀਰਕ, ਮਾਨਸਿਕ ਤੇ ਆਤਮਿਕ ਤੰਦਰੁਸਤੀ ਦਾ ਜ਼ਰੀਆ ਰਿਹਾ ਹੈ।ਮੌਜੂਦਾ ਦੌਰ ਵਿੱਚ ਜ਼ਿੰਦਗੀ ਦੀ ਤੇਜ਼ ਰਫਤਾਰ ਅਤੇ ਤਣਾਉ ਭਰਪੂਰ ਕੰਮ-ਕਾਜੀ ਪ੍ਰਸਥਿਤੀਆਂ ਕਾਰਣ ਇਹ ਸਰੀਰਕ ਤੇ ਮਾਨਸਿਕ ਵਿਕਾਰਾਂ ਤੇ ਉਲਝਣਾਂ ਤੋਂ ਨਿਜਾਤ ਦਿਵਾਉਣ ਵਿੱਚ ਕਾਰਗਰ ਸਾਬਿਤ ਹੋ ਰਿਹਾ ਹੈ।ਇਸ ਮੌਕੇ ਤੇ ਐੱਨ.ਐੱਸ.ਐੱਨ ਦੇ ਪ੍ਰੋਗਰਾਮ ਅਫਸਰ ਡਾ.ਹਰਮੋਹਣ ਸ਼ਰਮਾ ਨੇ ਇਸ ਵੈਲਨੈੱਸ ਸੀਰੀਜ਼ ਨੂੰ ਆਯੋਜਿਤ ਕਰਨ ਦੇ ਉਦੇਸ਼ ਬਾਰੇ ਬੋਲਦਿਆ ਕਿਹਾ ਕਿ ਯੋਗਾ ਦਾ ਅਰਥ ਮਹਿਜ਼ ਸਰੀਰਕ ਕਸਰਤ ਕਰਨਾ ਹੀ ਨਹੀਂ ਸਗੋਂ ਆਪਣੇ ਖਾਣ-ਪੀਣ, ਸੋਚਣ-ਸਮਝਣ ਤੇ ਸਮਾਜਿਕ ਵਿਹਾਰ ਵਿੱਚ ਅਨੁਸ਼ਾਸਨ ਅਤੇ ਸਹਿਜਤਾ ਨੂੰ ਵੀ ਸ਼ਾਮਿਲ ਕਰਨਾ ਹੈ ਜਿਸ ਲਈ ਇਹਨਾਂ ਮਾਹਿਰਾਂ ਦੀ ਰਾਇ ਮਹਤੱਵਪੂਰਣ ਹੈ। ਇਸ ਸੀਰੀਜ਼ ਦੇ ਪਹਿਲੇ ਭਾਸ਼ਣ ਵਿੱਚ ਬੋਲਦਿਆ ਡਾ. ਜਸਵੀਰ ਕੌਰ ਚਾਹਿਲ, ਸਾਬਕਾ ਡੀਨ, ਫੈਕਲਟੀ ਆਫ ਐਜੂਕੇਸ਼ਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੱਸਿਆ ਕਿ ਯੋਗਾ ਮਨੁੱਖੀ ਮਨ ਤੇ ਸਰੀਰ ਨੂੰ ਸਾਧਣ ਦੇ ਨਾਲ-ਨਾਲ ਸ਼ੁੱਧ ਆਚਾਰ ਤੇ ਵਿਹਾਰ ਨਾਲ ਜੁੜਣ ਦਾ ਸਾਧਨ ਹੈ ਜਿਸ ਨਾਲ ਸਰੀਰਕ, ਮਾਨਸਿਕ ਤੇ ਆਤਮਿਕ ਸ਼ਾਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੀਰੀਜ਼ ਦੇ ਦੂਜੇ ਭਾਸ਼ਣ ਵਿੱਚ ਡਾ. ਸਪਨਾ ਨੰਦਾ, ਪ੍ਰਿੰਸੀਪਲ, ਗੌਰਮਿੰਟ ਕਾਲਜ ਆਫ ਯੋਗਾ ਐਜੂਕੇਸ਼ਨ ਐਂਡ ਹੈਲਥ, ਚੰਡੀਗੜ੍ਹ ਨੇ ‘ਸਰੀਰਕ ਤੰਦਰੁਸਤੀ ਲਈ ਯੋਗਾ’ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਯੋਜਨਬੱਧ ਤਰੀਕੇ ਨਾਲ ਤੇ ਨਿਰੰਤਰਤਾ ਨਾਲ ਯੋਗ-ਅਭਿਆਸ ਕਰਨ ਨਾਲ ਨਾ ਸਿਰਫ ਸਰੀਰਿਕ ਬੀਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ ਬਲਕਿ ਇਨਸਾਨ ਮਾਨਸਿਕ, ਸਮਾਜਿਕ ਤੇ ਅਧਿਆਤਮਕ ਤੌਰ ਤੇ ਵੀ ਲੰਬੇ ਸਮੇਂ ਲਈ ਨਿਰੋਗ ਰਹਿ ਸਕਦਾ ਹੈ।ਇਸ ਸੀਰੀਜ਼ ਦੇ ਤੀਜੇ ਦਿਨ ਮੁੱਖ ਵਕਤਾ ਵੱਜੋਂ ਡਾ.ਵਿਸ਼ਾਖਾ ਸਿੰਘ, ਐਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ ਫੂਡ ਐਂਡ ਨਿਊਟ੍ਰੇਰਸ਼ਨ, ਕਾਲਜ ਆਫ ਕਮਿਊਨਟੀ ਐੱਡ ਅਪਲਾਈਡ ਸਾਇੰਸਜ਼, ਮੇਰਠ ਯੂਨੀਵਰਸਿਟੀ ਨੇ ਯੋਗਾ ਵਿੱਚ ਸਹੀ ਢੰਗ ਨਾਲ ਤੇ ਸੁਤੰਲਿਤ ਭੋਜਨ ਖਾਣ ਦੀ ਪ੍ਰੀਕਿਆ ਤੇ ਰੋਸ਼ਨੀ ਪਾਈ।ਉਹਨਾਂ ਨੇ ਦੱਸਿਆ ਕਿ ਭੋਜਨ ਕਰਦੇ ਸਮੇਂ ਜ਼ਰੂਰੀ ਹੈ ਕਿ ਅਸੀਂ ਉਸ ਦੇ ਸਾਡੇ ਸਰੀਰ ਤੇ ਮਨ ਨਾਲ ਰਿਸ਼ਤੇ ਬਾਰੇ ਜਾਗਰੂਕ ਰਹੀਏ ਤੇ ਉਸਨੂੰ ਖਾਂਦੇ ਸਮੇਂ ਇਕਾਗਰ-ਚਿੱਤ ਰਹੀਏ।
ਇਸ ਸੀਰੀਜ਼ ਦੇ ਆਖਰੀ ਦਿਨ ਡਾ.ਰਾਜੀਵ ਸ਼ਰਮਾ, ਪ੍ਰੋਗਰਾਮ ਅਫਸਰ, ਐੱਨ.ਐੱਸ.ਐੱਸ ਅਤੇ ਮੁਖੀ ਕੈਮਿਸਟਰੀ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।ਉਹਨਾਂ ਨੇ ਕੋਵਿਡ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਮਾਨਸਿਕ ਸਹਾਇਤਾ ਅਤੇ ਕੌਂਸਲਿੰਗ ਬਾਰੇ ਅਹਿਮ ਨੁਕਤੇ ਸਾਂਝੇ ਕਰਦਿਆ ਕਿਹਾ ਕਿ ਇਸ ਸਮੇਂ ਆਪਸੀ ਸਹਿਯੋਗ ਅਤੇ ਭਾਈਚਾਰਕ ਮਿਲਵਰਤਣ ਹੀ ਉਮੀਦ ਦੀ ਕਿਰਨ ਸਾਬਿਤ ਹੋ ਸਕਦਾ ਹੈ।
ਇਹਨਾਂ ਸ਼ੈਸ਼ਨਾਂ ਵਿੱਚ ਐੱਨ.ਐੱਸ.ਐਸ ਦੇ ਪ੍ਰੋਗਰਾਮ ਅਫਸਰ ਪ੍ਰੋ.ਜਗਦੀਪ ਕੌਰ, ਬੀ.ਐਸ.ਜੀ. ਦੇ ਡਾ. ਵੀਨੂੰ ਜ਼ੈਨ, ਡਾ.ਰੁਪਿੰਦਰ ਸਿੰਘ, ਐੱਨ.ਸੀ.ਸੀ ਦੇ ਇੰਚਾਰਜਾਂ ਡਾ.ਰੋਹਿਤ ਸਚਦੇਵਾ, ਡਾ. ਨਿਧੀ ਗੁਪਤਾ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਾਈਸ ਪ੍ਰਿੰਸੀਪਲ ਮਿਸਿਜ ਸ਼ੇਲੇਂਦਰਾ ਸਿੱਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Please Share This News By Pressing Whatsapp Button