ਸਿਵਲ ਸਰਜਨ ਨੇ ਵਿਸ਼ਵ ਜੂਨੋਸਿਸ ਦਿਵਸ ਮੌਕੇ ਜਾਗਰੂਕਤਾ ਪੋਸਟਰ ਕੀਤਾ ਜਾਰੀ
ਸੰਗਰੂਰ 6 ਜੁਲਾਈ
ਸਿਵਲ ਸਰਜਨ ਡਾ. ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।
ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਇਹ ਦਿਨ ਲੋਕਾਂ ਨੂੰ ਜਾਨਵਰਾਂ ਦੇ ਕੱਟਣ ਤੋਂ ਸਾਵਧਾਨ ਰਹਿਣ ਲਈ ਪ੍ਰੇਰਿਤ ਕਰਨ ਲਈ ਪੂਰੀ ਦੁਨੀਆ ’ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਰੋਗ ਸੰਕ੍ਰਮਿਤ ਜਾਨਵਰ ਜਿਵੇਂ ਕੁੱਤੇ, ਨਿਉਲੇ, ਬਿੱਲੀ, ਖ਼ਰਗੋਸ਼ ਆਦਿ ਦੇ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਦੇ ਕੱਟਣ ’ਤੇ ਤੁਰੰਤ ਜ਼ਖ਼ਮ ਨੂੰ ਚੱਲ ਰਹੇ ਪਾਣੀ ਅਤੇ ਸਾਬਣ ਨਾਲ ਪੰਦਰਾਂ ਮਿੰਟ ਧੋਣਾ ਚਾਹੀਦਾ ਹੈ ਅਤੇ ਜ਼ਖ਼ਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਲੋੜੀਂਦੀ ਡਾਕਟਰੀ ਸਹਾਇਤਾ ਲਈ ਜਾਣਾ ਚਾਹੀਦਾ ਹੈ।
ਡਾ. ਐਸ. ਜੇ. ਸਿੰਘ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਹਲਕਾਅ ਵੀ ਇਕ ਜੂਨੋਸਿਸ ਰੋਗ ਹੈ ਅਤੇ ਹਰ ਸਾਲ ਵੱਡੀ ਗਿਣਤੀ ਲੋਕ ਇਸ ਨਾਲ ਆਪਣੀ ਜਾਨ ਗੁਆ ਬੈਠਦੇ ਹਨ। ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਉਪਾਸਨਾ ਨੇ ਇਨ੍ਹਾਂ ਰੋਗਾਂ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਪਾਲਤੂ ਜਾਨਵਰਾਂ ਬਿੱਲੀਆਂ, ਕੁੱਤਿਆਂ ਆਦਿ ਦਾ ਹਰ ਸਾਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਲਤੂ ਬਿੱਲੀਆਂ ਕੁੱਤਿਆਂ ਆਦਿ ਨੂੰ ਗਲੀਆਂ ਵਿਚ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਅਤੇ ਬਾਹਰ ਜਾਣ ਸਮੇਂ ਉਨ੍ਹਾਂ ਨੂੰ ਪਟੇ ਜਾਂ ਸੰਗਲ ਨਾਲ ਬੰਨ੍ਹ ਕੇ ਜਾਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਵਿਜੈ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀ ਲਖਵਿੰਦਰ ਸਿੰਘ ਵੀ ਹਾਜ਼ਰ ਸਨ।
Please Share This News By Pressing Whatsapp Button