ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਕਾਰਗਾਰ, ਲੋਕ ਸਵੈ-ਇੱਛਾ ਨਾਲ ਲਗਵਾਉਣ ਦੋਵੇਂ ਖੁਰਾਕਾਂ: ਡਿਪਟੀ ਕਮਿਸ਼ਨਰ
ਸੰਗਰੂਰ, 7 ਜੁਲਾਈ:
ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਸੁਰੱਖਿਆ ਚੱਕਰ ਹੈ, ਇਸ ਲਈ ਸਮੂਹ ਜ਼ਿਲ੍ਹਾ ਵਾਸੀਆਂ ਵੈਕਸੀਨ ਲਗਵਾਉਣ ਲਈ ਜ਼ਰੂਰ ਅੱਗੇ ਆਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫ਼ੇਸਬੁੱਕ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੰਘੀ 3 ਜੁਲਾਈ ਨੂੰ ਜ਼ਿਲ੍ਹਾ ਭਰ ਵਿੱਚ ਇੱਕ ਦਿਨ ’ਚ ਕਰੀਬ 27 ਹਜ਼ਾਰ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਸੀ, ਜੋ ਕਿ ਜ਼ਿਲ੍ਹੇ ‘ਚ ਹੁਣ ਤੱਕ ਇੱਕ ਦਿਨ ’ਚ ਲਈ ਸਭ ਤੋਂ ਵਧੇਰੇ ਅੰਕੜਾ ਸੀ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਸਿਹਤ ਮਾਹਿਰਾਂ ਨੇ ਇਹ ਅੰਕੜੇ ਸਾਂਝੇ ਕੀਤੇ ਹਨ ਕਿ ਵੈਕਸੀਨ ਕੋਵਿਡ ਤੋਂ ਬਚਾਅ ਲਈ ਕਾਰਗਾਰ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਉਪਲੱਬਧਤਾ ਦੇ ਆਧਾਰ ’ਤੇ ਵੱਧ ਤੋਂ ਵੱਧ ਕੈਂਪ ਲਗਾ ਕੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਯਤਨਸ਼ੀਲ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਟੀਕਾਕਰਨ ਕੈਂਪਾਂ ਦਾ ਲਾਹਾ ਲੈ ਕੇ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।
ਸ਼੍ਰੀ ਰਾਮਵੀਰ ਨੇ ਬਰਸਾਤੀ ਪਾਣੀ ਦੀ ਸੰਭਾਲ ਬਾਰੇ ਜ਼ਿਲ੍ਹਾ ਵਾਸੀ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਬਰਸਾਤੀ ਪਾਣੀ ਦੀ ਸੰਭਾਲ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਿਲ੍ਹਾ ਸੰਗਰੂਰ ਨੂੰ ਪਿਛਲੇ ਵਰ੍ਹੇ ਦੇਸ਼ ਪੱਧਰੀ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵੱਖ ਵੱਖ ਪ੍ਰਾਜੈਕਟਾਂ ਤਹਿਤ ਮੀਂਹ ਦੇ ਪਾਣੀ ਦੀ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਰਾਹੀਂ ਪਿੰਡਾਂ ’ਚ ਪੌਦੇ ਲਗਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਈ. ਹਰਅਿਾਲੀ ਐਪ ਰਾਹੀਂ ਪੌਦੇ ਪ੍ਰਾਪਤ ਕਰ ਕੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਧਰਤੀ ਪਾਣੀ ਦੀ ਸੰਭਾਲ ਵੀ ਹੋ ਸਕੇ।
Please Share This News By Pressing Whatsapp Button