ਰਾਜਿੰਦਰਾ ਹਸਪਤਾਲ ‘ਚ 12 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ 66 ਕੇ.ਵੀ. ਸਬ ਸਟੇਸ਼ਨ ਚਾਲੂ
ਪਟਿਆਲਾ, 8 ਜੁਲਾਈ:(ਬਲਵਿੰਦਰ ਪਾਲ)
ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਸੁਚਾਰੂ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਦੇ ਵਿਸ਼ੇਸ਼ ਯਤਨਾਂ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰ ਕੀਤੇ ਗਏ ਪੀ.ਐਸ.ਪੀ.ਸੀ.ਐਲ. ਦੇ 66 ਕੇ.ਵੀ. ਸਬ ਸਟੇਸ਼ਨ ਨੂੰ ਅੱਜ ਪਟਿਆਲਾ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ।
ਰਿਕਾਰਡ ਸਮੇਂ ‘ਚ 12 ਕਰੋੜ ਰੁਪਏ ਦੀ ਲਾਗਤ ਨਾਲ ਇਸ ਨਵੇਂ ਸਥਾਪਤ ਕੀਤੇ ਗਏ ਇਸ ਗਰਿਡ ਨੂੰ ਲੋਕਾਂ ਦੇ ਸਮਰਪਿਤ ਕਰਨ ਦੀ ਰਸਮ ਪੰਜਾਬ ਦੇ ਸੂਚਨਾ ਕਮਿਸ਼ਨਰ ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਨਿਭਾਈ। ਉਨ੍ਹਾਂ ਦੇ ਨਾਲ ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ/ਦੱਖਣ ਜੋਨ ਇੰਜੀ. ਰਵਿੰਦਰ ਸਿੰਘ ਸੈਣੀ, ਮੁੱਖ ਇੰਜੀਨੀਅਰ/ਟ੍ਰਾਂਸਮਿਸ਼ਨ ਸਿਸਟਮ ਇੰਜੀ. ਰਾਜਿੰਦਰ ਸਿੰਘ ਸਰਾਓ, ਨਿਗਰਾਨ ਇੰਜੀ./ਹਲਕਾ ਪਟਿਆਲਾ ਇੰਜੀ. ਸੁਰਿੰਦਰ ਮੋਹਨ ਚੋਪੜਾ, ਵਧੀਕ ਨਿਗਰਾਨ ਇੰਜੀਨੀਅਰ/ਵੰਡ ਮੰਡਲ ਮਾਡਲ ਟਾਊਨ ਇੰਜੀ. ਅਮਨਦੀਪ ਸਿੰਘ ਢੀਂਡਸਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਇਸੇ ਦੌਰਾਨ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਆਪਣੇ ਵੱਲੋਂ ਭੇਜੇ ਸੁਨੇਹੇ ‘ਚ ਇਸ ਸਬ ਸਟੇਸ਼ਨ ਨੂੰ ਸਮੇਂ ਸਿਰ ਚਾਲੂ ਕਰਨ ਲਈ ਪੀ.ਐਸ.ਪੀ.ਸੀ.ਐਲ. ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਸੰਸਦ ਮੈਂਬਰ ਮੁਤਾਬਕ ਬਿਜਲੀ ਸਪਲਾਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਜਲਦੀ ਹੀ 220 ਕੇ.ਵੀ. ਦਾ ਨਵਾਂ ਗਰਿੱਡ ਵੀ ਪਟਿਆਲਾ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਸ੍ਰੀਮਤੀ ਪ੍ਰਨੀਤ ਕੌਰ ਨੇ ਆਪਣੇ ਸੁਨੇਹੇ ‘ਚ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਵਸਨੀਕਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਹਿਰ ਵਿੱਚ ਵੱਖ ਵੱਖ ਵਿਕਾਸ ਕਾਰਜ ਆਰੰਭ ਕਰਨ ਦੇ ਨਾਲ-ਨਾਲ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਬਿਜਲੀ ਵੰਡ ਸਿਸਟਮ ਦੇ ਸੁੰਦਰੀਕਰਨ ਅਤੇ ਮਜ਼ਬੂਤੀਕਰਨ ਲਈ 40 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਹੈਰੀਟੇਜ ਸਟਰੀਟ ਪ੍ਰਾਜੈਕਟ ਲਈ ਵੀ 43 ਕਰੋੜ ਰੁਪਏ ਦੇ ਫੰਡ ਵੀ ਮਨਜ਼ੂਰ ਕੀਤੇ ਹਨ।
ਇਸ ਮੌਕੇ ਸ. ਹਨੀ ਸੇਖੋਂ ਨੇ ਦੱਸਿਆ ਕਿ ਸ੍ਰੀਮਤੀ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਇਸ ਵਕਾਰੀ ਹਸਪਤਾਲ ਨੂੰ ਨਿਰਵਿਘਨ ਤੇ ਸੁਚਾਰੂ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ‘ਚ ਲਿਆਂਦਾ, ਜਿਸ ਨੂੰ ਤੁਰੰਤ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪ੍ਰਵਾਨ ਕਰਕੇ ਫੰਡ ਜਾਰੀ ਕੀਤੇ ਅਤੇ ਇਹ ਸਬ ਸਟੇਸ਼ਨ 1 ਸਾਲ ਤੋਂ ਵੀ ਘੱਟ ਸਮੇਂ ‘ਚ ਰਿਕਾਰਡ ਸਮੇਂ ‘ਚ ਸਥਾਪਤ ਹੋ ਸਕਿਆ।
ਇਸ ਮੌਕੇ ਇੰਜੀ. ਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਇਸ ਨਵੇਂ ਸਬ-ਸਟੇਸ਼ਨ ਲਈ ਜ਼ਮੀਨ ਰਾਜਿੰਦਰਾ ਹਸਪਤਾਲ ਨੇ ਮੁਹੱਈਆ ਕਰਵਾਈ ਤੇ ਇਹ ਸਬ-ਸਟੇਸ਼ਨ 66 ਕੇ.ਵੀ. ਥਾਪਰ ਗਰਿੱਡ ਤੋਂ ਬਾਅਦ ਪਟਿਆਲੇ ਸ਼ਹਿਰ ਵਿੱਚ ਇਸ ਕਿਸਮ ਦਾ ਦੂਜਾ ਪ੍ਰਾਜੈਕਟ ਬਣਾਇਆ ਗਿਆ ਹੈ।
ਇਸ ਗਰਿੱਡ ਵਿੱਚ 20 ਐਮ.ਵੀ.ਏ. ਦਾ ਇੱਕ ਟਰਾਂਸਫਾਰਮਰ ਅਤੇ 12.5 ਐਮ.ਵੀ.ਏ. ਦਾ ਦੂਸਰਾ ਟਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ। ਇਸ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ 66 ਕੇ.ਵੀ. ਸ਼ਕਤੀ ਵਿਹਾਰ ਗਰਿੱਡ ਦੀ ਡੀ-ਲੋਡਿੰਗ ਹੋਏਗੀ ਜਿਸ ਨਾਲ ਪਟਿਆਲਾ ਦੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਅਤੇ ਹੋਰ ਬਿਹਤਰ ਵੋਲਟੇਜ ਯਕੀਨੀ ਬਣਾਈ ਜਾਵੇਗੀ।
ਮੁੱਖ ਇੰਜੀਨੀਅਰ/ਟ੍ਰਾਂਸਮਿਸ਼ਨ ਸਿਸਟਮ ਇੰਜੀ. ਰਾਜਿੰਦਰ ਸਿੰਘ ਸਰਾਓ ਨੇ ਦੱਸਿਆ ਕਿ ਜਗਦੀਸ਼ ਆਸ਼ਰਮ ਰੋਡ, ਨਿਊ ਲਾਲ ਬਾਗ, ਡੈਂਟਲ ਕਾਲਜ ਆਦਿ ਏਰੀਆ ਦੀ ਸਪਲਾਈ ਇਸ ਨਵੇਂ ਗਰਿੱਡ ਉੱਤੇ ਤਬਦੀਲ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਰਾਜਿੰਦਰਾ ਹਸਪਤਾਲ ਦਾ ਸਾਰਾ ਲੋਡ ਅਤੇ ਬੈਂਕ ਕਲੋਨੀ, ਧਾਲੀਵਾਲ ਕਲੋਨੀ, ਲੀਲਾ ਭਵਨ, ਮਾਲ ਰੋਡ ਅਤੇ ਲੋਅਰ ਮਾਲ ਰੋਡ ਏਰੀਆ ਦਾ ਲੋਡ ਵੀ ਇਸ ਗਰਿੱਡ ਤੇ ਤਬਦੀਲ ਹੋ ਜਾਵੇਗਾ।
ਨਿਗਰਾਨ ਇੰਜੀ./ਹਲਕਾ ਪਟਿਆਲਾ ਇੰਜੀ. ਸੁਰਿੰਦਰ ਮੋਹਨ ਚੋਪੜਾ ਨੇ ਦੱਸਿਆ ਕਿ ਪਹਿਲਾਂ ਰਾਜਿੰਦਰਾ ਹਸਪਤਾਲ ਨੂੰ ਸ਼ਕਤੀ ਵਿਹਾਰ ਸਬ ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਰਾਜਿੰਦਰਾ ਹਸਪਤਾਲ ਫੀਡਰ ਰਾਹੀਂ ਸਪਲਾਈ ਦਿੱਤੀ ਜਾਂਦੀ ਹੈ ਅਤੇ 11 ਕੇ.ਵੀ. ਸਵਿਚਿੰਗ ਸਟੇਸ਼ਨ, ਮਾਲ ਰੋਡ ਤੋਂ ਵਿਕਲਪਿਕ 11 ਕੇ.ਵੀ. ਸਪਲਾਈ ਦੀ ਵਿਵਸਥਾ ਕੀਤੀ ਹੋਈ ਹੈ। ਰਾਜਿੰਦਰਾ ਹਸਪਤਾਲ ਦਾ ਪੂਰਾ ਲੋਡ ਇਸ ਨਵੇਂ ਗਰਿੱਡ ‘ਤੇ ਤਬਦੀਲ ਹੋਣ ਨਾਲ ਇਸ ਵੱਡੇ ਹਸਪਤਾਲ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਇਲੈਕਟਰੀਕਲ ਵਿੰਗ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਕੌਸ਼ਲ, ਸੀਨੀਅਰ.ਐਸ.ਈ. ਪੀ.ਐਡ.ਐਮ ਜਤਿੰਦਰ ਸਿੰਘ ਕੰਡਾ, ਐਸ.ਡੀ.ਓ. ਇੰਜ. ਅਰਸ਼ਦੀਪ ਸਿੰਘ ਸੇਠੀ, ਸਟੇਸ਼ਨ ਇੰਚਾਰਜ ਜੇ.ਈ. ਇੰਜ. ਪਰਮਜੀਤ ਸਿੰਘ ਰੁਪਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
Please Share This News By Pressing Whatsapp Button