ਹੁਣ ਨਵੀਂਆਂ ਤਕਨੀਕਾਂ ਰਾਹੀਂ ਵਧਾਇਆ ਜਾਵੇਗਾ ਫਲਦਾਰ ਬੂਟਿਆਂ ਹੇਠ ਰਕਬਾ: ਡਿਪਟੀ ਡਾਇਰੈਕਟਰ ਬਾਗਬਾਨੀ
ਸੰਗਰੂਰ, 19 ਜੁਲਾਈ:
ਫਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਮਿਤੀ 20 ਤੋਂ 25 ਜੁਲਾਈ 2021 ਤੱਕ ਫਲ ਬੀਜ ਬਾਲ ਪਲਾਂਟੇਸ਼ਨ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਲਗਭਗ 11000 ਬੀਜ ਬਾਲ ਸਰਕਾਰੀ ਬਾਗ ਤੇ ਨਰਸਰੀ, ਖੇੜੀ ਵਿਖੇ ਤਿਆਰ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਡਾ: ਸਵਰਨ ਸਿੰਘ ਮਾਨ ਨੇ ਦਿੱਤੀ।
ਡਾ. ਸਵਰਨ ਸਿੰਘ ਨੇ ਦੱਸਿਆ ਕਿ ਇਹ ਬੀਜ ਬਾਲਾਂ ਜਾਮਣ, ਬਿੱਲ, ਅੰਬ ਆਦਿ ਦੇ ਬੀਜ ਨੂੰ ਮਿੱਟੀ ਵਿੱਚ ਲਪੇਟ ਕੇ ਤਿਆਰ ਕੀਤੀਆਂ ਗਈਆਂ ਹਨ। ਉਨਾਂ੍ਹ ਦੱਸਿਆ ਕਿ ਬੀਜ ਬਾਲ ਤਕਨੀਕ ਰਾਹੀਂ ਫਲ ਦਾ ਬੂਟਾ ਤਿਆਰ ਕਰਨ ਲਈ ਇਹ ਬਾਲ ਬਹੁਤ ਛੋਟਾ ਟੋਆ ਪੁੱਟ ਕੇ ਉਸ ਵਿੱਚ ਇਸ ਤਰ੍ਹਾਂ ਰੱਖੀ ਜਾਂਦੀ ਹੈ ਕਿ ਅੱਧੀ ਬਾਲ ਜਮੀਨ ਵਿੱਚ ਅਤੇ ਅੱਧੀ ਬਾਲ ਜਮੀਨ ਤੋਂ ਉਪਰ ਰਹੇ ਅਤੇ ਬਾਰਸ਼ਾਂ ਦੋਰਾਨ ਇਸ ਵਿਚੋਂ ਬੂਟਾ ਆਪਣੇ ਆਪ ਤਿਆਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬੀਜ ਬਾਲਾਂ ਸਰਕਾਰੀ ਬਾਗ ਤੇ ਨਰਸਰੀ, ਖੇੜੀ ਤੋਂ ਪਿੰਡਾਂ ਵਿੱਚ ਈਕੋ ਕਲੱਬਾਂ, ਪੰਚਾਇਤਾਂ ਅਤੇ ਹੋਰ ਪਲਾਂਟੇਸ਼ਨ ਸਬੰਧੀ ਸੰਸਥਾਵਾਂ ਨਾਲ ਸੰਪਰਕ ਕਰਕੇ ਮੁਫਤ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੀਜ਼ ਬਾਲਾਂ ਨੂੰ ਖਾਲੀ ਪਈਆਂ ਸਰਕਾਰੀ ਜਮੀਨਾਂ, ਸੜਕਾਂ ਅਤੇ ਨਹਿਰਾਂ ਦੇ ਆਲੇ-ਦੁਆਲੇ ਜਾਂ ਮੰਦਰਾਂ/ਗੁਰਦੁਆਰਿਆਂ ਦੀਆਂ ਸਾਂਝੀਆਂ ਜਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਚਾਹਵਾਨ ਕਲੱਬ, ਪੰਚਾਇਤਾਂ ਅਤੇ ਸੰਸਥਾਵਾਂ ਇਨ੍ਹਾਂ ਫਲ ਬੀਜ ਬਾਲਾਂ ਨੂੰ ਪ੍ਰਾਪਤ ਕਰਨ ਲਈ ਬਾਗਬਾਨੀ ਵਿਭਾਗ ਦੇ ਬਲਾਕ ਪੱਧਰੀ ਦਫ਼ਤਰਾਂ ਮਲੇਰਕੋਟਲਾ(94635-73520), ਧੂਰੀ(97793-00032), ਸੰਗਰੂਰ,ਸੁਨਾਮ,ਭਵਾਨੀਗੜ੍ਹ, ਲਹਿਰਾਗਾਗਾ(83609-02471), ਇੰਚਾਰਜ ਸਰਕਾਰੀ ਬਾਗ ਤੇ ਨਰਸਰੀ ਖੇੜੀ(97793-00032) ਨਾਲ ਸੰਪਰਕ ਕਰ ਸਕਦੇ ਹਨ।
Please Share This News By Pressing Whatsapp Button