ਸਿਹਤ ਵਿਭਾਗ ਵੱਲੋਂ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ
ਸੰਗਰੂਰ : 19 ਜੁਲਾਈ
ਬੱਚਿਆਂ ਵਿੱਚ ਨਮੂਨਿਆਂ ਤੋਂ ਬਾਅਦ ਦਸਤ ਲੱਗਣਾ ਇਕ ਅਜਿਹੀ ਜਾਨਲੇਵਾ ਬੀਮਾਰੀ ਹੈ ਜਿਸ ਕਾਰਨ ਵਿਸ਼ਵ ਭਰ ਵਿੱਚ ਹਰ ਸਾਲ 1.7 ਬਿਲੀਅਨ ਬੱਚੇ ਪ੍ਰਭਾਵਤ ਹੁੰਦੇ ਹਨ ਅਤੇ 5 ਤੋਂ 5.25 ਲੱਖ ਬੱਚਿਆਂ ਦੀ ਦਸਤਾਂ ਕਾਰਨ ਮੌਤ ਹੋ ਜਾਂਦੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਨੇ ਦਸਤ ਰੋਕੂ ਪੰਦਰਵਾੜੇ ਦਾ ਆਗਾਜ਼ ਕਰਦਿਆਂ ਕੀਤਾ।
ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਦੂਸ਼ਿਤ ਪਾਣੀ, ਦੂਸ਼ਿਤ ਖਾਣਾ ਅਤੇ ਸਾਫ ਸਫਾਈ ਦੀ ਅਣਹੋਂਦ ਕਾਰਨ ਬੱਚਿਆਂ ਵਿੱਚ ਦਸਤ ਰੋਗ ਦਾ ਫੈਲਣਾ ਆਮ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਇੱਕ ਬੱਚੇ ਤੋਂ ਦੂਸਰੇ ਬੱਚੇ ਤੱਕ ਵੀ ਫੈਲ ਸਕਦੀ ਹੈ ਅਤੇ ਇਸ ਬੀਮਾਰੀ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਵੱਲੋਂ ਹਰ ਸਾਲ ਦਸਤ ਰੋਕੂ ਪੰਦਰਵਾੜਾ ਮਨਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਇਸ ਲਈ 19 ਜੁਲਾਈ ਤੋਂ 2 ਅਗਸਤ ਤਕ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਵਿਚ ਓ ਆਰ ਐੱਸ ਅਤੇ ਜ਼ਿੰਕ ਕਾਰਨਰ ਸਥਾਪਤ ਕੀਤੇ ਗਏ ਹਨ , ਜਿੱਥੇ ਬੱਚਿਆਂ ਨੂੰ ਓ ਆਰ ਐਸ ਦੇ ਪੈਕਟ ਅਤੇ ਜਿੰਕ ਸਲਫੇਟ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ.ਅਤੇ ਮੌਕੇ ਤੇ ਬੱਚਿਆਂ ਨੂੰ ਓਆਰਐਸ ਦਾ ਘੋਲ ਪਿਲਾਇਆ ਜਾਵੇਗਾ
ਉਨ੍ਹਾਂ ਕਿਹਾ ਕਿ ਦਿਨ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਵਾਰ ਬੱਚੇ ਦਾ ਸਟੂਲ ਪਾਸ ਕਰਨਾ ਦਸਤ ਰੋਗ ਹੁੰਦਾ ਹੈ ਅਤੇ ਅਜਿਹਾ ਹੋਣ ਤੇ ਬੱਚੇ ਨੂੰ ਤੁਰੰਤ ਨੇਡ਼ੇ ਦੇ ਸਿਹਤ ਕੇਂਦਰ ਵਿੱਚ ਇਲਾਜ ਲਈ ਲਿਜਾਣਾ ਚਾਹੀਦਾ ਹੈ ।
ਡਾ ਗੁਪਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੀਣ ਵਾਲਾ ਪਾਣੀ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ ,ਖਾਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਿਆ ਜਾਵੇ ,ਆਲੇ ਦੁਆਲੇ ਦੀ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ .ਅਤੇ ਬੱਚਿਆਂ ਨੂੰ ਰੋਟਾ ਵਾਇਰਸ ਦੀ ਵੈਕਸਿਨ ਲਗਵਾਈ ਜਾਵੇ ।
ਇਸ ਮੌਕੇ ਡੀ ਐੱਮ ਸੀ ਡਾ ਪਰਮਿੰਦਰ ਕੌਰ, ਡੀ ਆਈ ਓ ਡਾ ਸੰਜੇ ਮਾਥੁਰ ਅਤੇ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ .
Please Share This News By Pressing Whatsapp Button