ਮਿਸ਼ਨ ਫ਼ਤਿਹ ਤਹਿਤ ਕਰੀਬ 2.7 ਲੱਖ ਲਾਭਪਾਤਰੀਆਂ ਨੂੰ ਲਗਾਈ ਜਾ ਚੁੱਕੀ ਹੈ ਕੋਵਿਡ ਵੈਕਸੀਨ- ਡਿਪਟੀ ਕਮਿਸ਼ਨਰ
ਸੰਗਰੂਰ, 21 ਜੁਲਾਈ:
ਮਿਸ਼ਨ ਫ਼ਤਿਹ ਤਹਿਤ ਹੁਣ ਤੱਕ ਜਿ਼ਲ੍ਹੇ ਦੇ ਕਰੀਬ 2 ਲੱਖ 70 ਹਜ਼ਾਰ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਬਾਕੀ ਵਿਅਕਤੀਆਂ ਦਾ ਟੀਕਾਕਰਨ ਕਰਨ ਲਈ ਵੈਕਸੀਨ ਦੀ ਉਪਲੱਬਧਤਾ ਦੇ ਆਧਾਰ `ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫ਼ੇਸਬੁੱਕ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨਾਲ ਰੂ-ਬ-ਰੂ ਹੁੰਦਿਆਂ ਕੀਤਾ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਕਮੀ ਆਉਣ ਕਾਰਨ ਸਰਕਾਰ ਵੱਲੋਂ ਪਾਬੰਦੀਆਂ ਘਟਾਈਆਂ ਗਈਆਂ ਹਨ, ਜਿੰਨ੍ਹਾਂ ਵਿੱਚ ਆੲਲੈਟਸ ਕੇਂਦਰ, ਟੈਕਨੀਕਲ ਅਦਾਰੇ ਅਤੇ ਹੋਰ ਅਦਾਰੇ ਖੋਲ੍ਹਣ ਦੀ ਸ਼ਰਤਾਂ ਤਹਿਤ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਅਦਾਰਿਆਂ ਵਿੱਚ ਆਉਣ ਵਾਲੇ ਟੀਚਿੰਗ, ਨਾਨ ਟੀਚਿੰਗ ਸਟਾਫ਼ ਸਮੇਤ ਵਿਦਿਆਰਥੀਆਂ ਨੂੰ 14 ਦਿਨ ਪਹਿਲਾਂ ਵੈਕਸੀਨ ਦੀ ਘੱਟੋ-ਘੱਟ 1 ਖੁਰਾਕ ਜ਼ਰੂਰ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 26 ਜੁਲਾਈ ਤੋਂ ਜਿਹੜੇ ਸਕੂਲਾਂ ਨੂੰ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਗਈ ਹੈ ਇਹ ਸ਼ਰਤ ਉਨ੍ਹਾਂ ਅਦਾਰਿਆਂ ਲਈ ਵੀ ਲਾਜ਼ਮੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਕੇਸਾਂ ਵਿੱਚ ਕਮੀ ਆਈ ਹੈ ਅਤੇ ਕਰੀਬ 25-30 ਫੀਸਦੀ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲੱਗ ਚੁੱਕੀ ਹੈ ਪਰ ਫਿਰ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਇਰਸ ਖਿਲਾਫ਼ ਪੂਰਨ ਰੋਧਕ ਸਮਰੱਥਾ ਬਣਾਉਣ ਲਈ ਘੱਟੋ ਘੱਟ 70 ਫ਼ੀਸਦੀ ਵਸੋਂ ਦਾ ਟੀਕਾਕਰਨ ਜ਼ਰੂਰੀ ਹੈ, ਇਸ ਲਈ ਅਜੇ ਇਸ ਬੀਮਾਰੀ ਪ੍ਰਤੀ ਅਵੇਸਲੇ ਨਾ ਹੋਇਆ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਜਿ਼ਲ੍ਹਾ ਵਾਸੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਅਤੇ ਮਾਸਕ, ਉਚਿਤ ਸਮਾਜਿਕ ਦੂਰੀ ਅਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ।
Please Share This News By Pressing Whatsapp Button