ਵਿਜੈ ਇੰਦਰ ਸਿੰਗਲਾ ਨੇ ਦਿਵਿਆਂਗਜਨ ਦੀਆਂ ਮੰਗਾਂ ਨੂੰ ਤਰਜ਼ੀਹੀ ਆਧਾਰ ’ਤੇ ਵਿਚਾਰਨ ਦਾ ਦਿੱਤਾ ਭਰੋਸਾ
ਭਵਾਨੀਗੜ/ਸੰਗਰੂਰ, 26 ਜੁਲਾਈ:
ਸਮੂਹ ਦਿਵਿਆਂਗ ਵੈਲਫ਼ੇਅਰ ਕਲੱਬ ਭਵਾਨੀਗੜ੍ਹ ਵੱਲੋਂ ਆਪਣੀਆਂ ਮੰਗਾਂ ਦੇ ਸਬੰਧੀ ਇੱਕ ਮੰਗ ਪੱਤਰ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਭਵਾਨੀਗੜ੍ਹ ਵਿਖੇ ਦਿੱਤਾ। ਕੈਬਨਿਟ ਮੰਤਰੀ ਸ੍ਰੀ ਸਿੰਗਲਾ ਵੱਲੋਂ ਉਨਾਂ ਦੀਆਂ ਮੰਗਾਂ ਨੂੰ ਤਰਜ਼ੀਹੀ ਆਧਾਰ ’ਤੇ ਵਿਚਾਰਨ ਦਾ ਭਰੋਸਾ ਦਿੱਤਾ ਗਿਆ।
ਸ਼੍ਰੀ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਮੰਗ ਪੱਤਰ ਦੇਣ ਵਾਲੇ ਦਿਵਿਆਂਗਜਨ ਨੇ ਕਿਹਾ ਕਿ ਉਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਪਹਿਲ ਦੇਣ, ਨਕਲੀ ਅੰਗ ਅਤੇ ਟ੍ਰਾਈਸਾਇਕਲ ਦੇਣ, ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਵਿਸ਼ੇਸ਼ ਪ੍ਰਬੰਧ, ਕਰਜ਼ਾ ਮਾਫ਼ੀ ਆਦਿ ਉਨਾਂ ਦੀਆਂ ਮੁੱਖ ਮੰਗਾਂ ਹਨ।
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸਮੂਹ ਦਿਵਿਆਂਗ ਵਿਅਕਤੀਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀਆਂ ਮੰਗਾਂ ਦੇ ਹੱਲ ਲਈ ਉਹ ਵਚਨਬੱਧ ਹਨ ਅਤੇ ਜਲਦੀ ਤੋਂ ਜਲਦੀ ਇਨਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਜਲਦੀ ਹੀ ਵਿਸ਼ੇਸ਼ ਕੈਂਪ ਲਗਾਏ ਜਾਣਗੇ । ਉਨਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਪੈਨਸ਼ਨ ਨਹੀਂ ਲੱਗੀ, ਉਹਨਾਂ ਨੂੰ ਦਫ਼ਤਰਾਂ ’ਚ ਨਹੀਂ ਜਾਣਾ ਪਵੇਗਾ ਸਗੋਂ ਇੱਕ ਥਾਂ ਹੀ ਵਿਸ਼ੇਸ਼ ਕੈਂਪ ਲਗਾ ਕੇ ਦਿਵਿਆਂਗ ਵਿਅਕਤੀਆਂ ਦੀਆਂ ਵੱਖ ਵੱਖ ਤਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇਗਾ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਰੈੱਡ ਕਰਾਸ ਨਾਲ ਤਾਲਮੇਲ ਕਰਕੇ ਦਿਵਿਆਂਗ ਵਿਅਕਤੀਆਂ ਨੂੰ ਟ੍ਰਾਈਸਾਇਕਲ ਜਲਦੀ ਮੁਹੱਈਆ ਕਰਵਾ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ ਵੱਖ ਵਰਗਾਂ ਸਮੇਤ ਦਿਵਿਆਂਗ ਵਿਅਕਤੀਆਂ ਦਾ ਕਰਜ਼ਾ ਵੀ ਮਾਫ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬਾਕੀ ਮੰਗਾਂ ਬਾਰੇ ਵੀ ਉਹ ਗੰਭੀਰਤਾ ਨਾਲ ਵਿਚਾਰ ਕਰਦਿਆਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ
Please Share This News By Pressing Whatsapp Button