ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਹੈਪੇਟਾਇਟਸ ਦਿਵਸ
ਸੰਗਰੂਰ 28 ਜੁਲਾਈ :-
ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਿਤ ਕੀਤਾ ਗਿਆ ਵਿਸ਼ਵ ਹੈਪੇਟਾਈਟਸ ਦਿਵਸ ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਸੰਗਰੂਰ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ।
ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਕਰਵਾਏ ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਸਹਾਇਕ ਸਿਵਲ ਸਰਜਨ ਡਾ ਜਗਮੋਹਨ ਸਿੰਘ ਐਮ.ਡੀ. ਨੇ ਕਿਹਾ ਕਿ ਇਹ ਇਕ ਵਾਇਰਲ ਰੋਗ ਹੈ ਜਿਸ ਦੀਆਂ ਪੰਜ ਕਿਸਮਾਂ ਏ, ਬੀ, ਸੀ ,ਡੀ ,ਅਤੇ ਈ ਹਨ। ਉਨ੍ਹਾਂ ਕਿਹਾ ਕਿ ਹੈਪੇਟਾਇਟਸ ਬੀ ਅਤੇ ਸੀ ਦੇ ਫੈਲਣ ਦਾ ਕਾਰਨ ਸੰਕਰਮਿਤ ਖੂਨ ਦਾ ਚੜ੍ਹਨਾ, ਅਸੁਰੱਖਿਅਤ ਸਰੀਰਕ ਸੰਬੰਧ, ਜਨਮ ਸਮੇਂ ਮਾਂ ਤੋਂ ਬੱਚੇ ਨੂੰ ਹੋਣਾ ਅਤੇ ਇੱਕੋ ਹੀ ਸਰਿੰਜ/ ਸੂਈ ਨਾਲ ਇਕ ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਾਉਣਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਦੀਰਘਕਾਲੀ ਰੋਗ ਹਨ। ਉਨ੍ਹਾਂ ਦੱਸਿਆ ਕਿ ਹੈਪੇਟਾਇਟਸ ਡੀ ਉਨ੍ਹਾਂ ਵਿਅਕਤੀਆਂ ਨੂੰ ਹੁੰਦਾ ਹੈ ਜੋ ਹੈਪੇਟਾਈਟਸ ਬੀ ਨਾਲ ਗ੍ਰਸਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮੌਨਸੂਨ ਦੇ ਸੀਜ਼ਨ ਵਿੱਚ ਹੈਪੇਟਾਈਟਸ ਏ ਅਤੇ ਈ ਦੇ ਫੈਲਣ ਦੇ ਜਿਆਦਾ ਮੌਕੇ ਹੁੰਦੇ ਹਨ, ਕਿਉਂਕਿ ਇਹ ਦੂਸ਼ਿਤ ਪਾਣੀ, ਦੂਸ਼ਿਤ ਖਾਣਾ, ਅਤੇ ਸਾਫ ਸਫਾਈ ਦੀ ਅਣਹੋਂਦ ਕਾਰਨ ਫੈਲਦਾ ਹੈ
ਜ਼ਿਲ੍ਹਾ ਸਿਹਤ ਅਫਸਰ ਡਾ ਐਸ ਜੇ ਸਿੰਘ ਨੇ ਸਾਧਾਰਨ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਬੋਲਦਿਆਂ ਦੱਸਿਆ ਕਿ ਉਕਤ ਕਾਰਨਾਂ ਤੋਂ ਇਲਾਵਾ ਹੈਪੇਟਾਈਟਸ ਅਸੁਰੱਖਿਅਤ ਸਪਰਸ਼ ਕਰਨ ਨਾਲ ਵੀ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਜੀਅ ਕੱਚਾ ਹੋਣਾ, ਉਲਟੀ ਆਉਣੀ, ਬੁਖਾਰ ਚੜ੍ਹਨਾ, ਲੀਵਰ ਵਾਲੀ ਜਗ੍ਹਾ ਦਰਦ ਹੋਣਾ, ਥਕਾਵਟ ਹੋਣੀ, ਭੁੱਖ ਨਾ ਲੱਗਣਾ ਆਦਿ ਇਸ ਦੇ ਲੱਛਣ ਹਨ ਅਤੇ ਅਜਿਹੇ ਲੱਛਣਾਂ ਦੇ ਚਲਦਿਆਂ ਜਲਦੀ ਤੋਂ ਜਲਦੀ ਹੈਪਾਟਾਈਟਸ ਦਾ ਟੈਸਟ ਕਰਵਾਉਣਾ ਚਾਹੀਦਾ ਹੈ।
ਸਿਵਲ ਸਰਜਨ ਡਾ ਅੰਜਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੈਪੇਟਾਈਟਸ ਸੀ ਦਾ ਇਲਾਜ ਜਿਲ੍ਹਾ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਛੇਤੀ ਹੀ ਹੈਪੇਟਾਈਟਸ ਬੀ ਦਾ ਇਲਾਜ ਵੀ ਮੁਫਤ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਭਰ ਵਿੱਚ 12000 ਹੈਪੇਟਾਈਟਸ ਸੀ ਦੇ ਮਰੀਜਾਂ ਦਾ ਸਫ਼ਲਤਾ ਪੂਰਨ ਇਲਾਜ ਹੋ ਚੁੱਕਾ ਹੈ। ਉਨ੍ਹਾਂ ਕੋਵਿਡ 19 ਬਾਰੇ ਜਾਣਕਾਰੀ ਦਿੰਦੇ ਹੋਏ ਕੋਵਿਡ ਪ੍ਰੋਟੋਕਾਲ ਦੀ ਪਾਲ੍ਣਾ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਤਾਂ ਜੋ ਇਸ ਦੀ ਸੰਭਾਵੀ ਤੀਸਰੀ ਲਹਿਰ ਤੋਂ ਬਚਿਆ ਜਾ ਸਕੇ।
ਇਸ ਦੌਰਾਨ ਹੈਪੇਟਾਈਟਸ ਸੀ ਰੋਗ ਤੋਂ ਠੀਕ ਹੋਣ ਵਾਲੇ ਚਾਰ ਮਰੀਜਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਡਾ ਸੰਜੇ ਮਾਥੁਰ ਜਿਲਾ ਟੀਕਾਕਰਣ ਅਫਸਰ, ਡਾ ਉਪਾਸਨਾ ਜਿਲ੍ਹਾ ਐਪੀਡਮਿਓਲੋਜਿਸਟ, ਸ੍ਰੀ ਲਖਵਿੰਦਰ ਸਿੰਘ ਅਤੇ ਸ੍ਰੀਮਤੀ ਸਰੋਜ ਰਾਣੀ ਦੋਵੇਂ ਡਿਪਟੀ ਮਾਸ ਮੀਡੀਆ ਅਫਸਰ, ਸ੍ਰੀ ਅਸਵਿੰਦਰ ਕੁਮਾਰ ਜ਼ਿਲਾ ਫਾਰਮੇਸੀ ਅਫਸਰ, ਸ੍ਰੀ ਕਰਨ ਫਾਰਮੇਸੀ ਅਫਸਰ ਅਤੇ ਹੋਰ ਸਟਾਫ ਹਾਜ਼ਰ ਸੀ।
Please Share This News By Pressing Whatsapp Button