ਸਿਹਤ ਵਿਭਾਗ ਵੱਲੋਂ 7 ਅਗਸਤ ਤੱਕ ਮਨਾਇਆ ਜਾ ਰਿਹੈ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤਾ: ਸਿਵਲ ਸਰਜਨ
ਮਲੇਰਕੋਟਲਾ 04 ਅਗਸਤ :
ਸਿਵਲ ਸਰਜਨ ਡਾ. ਐੱਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 7 ਅਗਸਤ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦਾ ਮੁੱਖ ਮਕਸਦ ਗਰਭਵਤੀ ਮਾਵਾਂ, ਦੁੱਧ ਪਿਲਾਉਂਦੀਆਂ ਔਰਤਾਂ ਅਤੇ ਆਮ ਜਨਤਾ ਨੂੰ ਮਾਂ ਦੇ ਦੁੱਧ ਦੇ ਫ਼ਾਇਦਿਆਂ ਬਾਰੇ ਜਾਗਰੂਕ ਕਰਨਾ ਹੈ।
ਐੱਸ.ਐਮ.ਓ. ਡਾ. ਗੀਤਾ, ਪੀ.ਐੱਚ.ਸੀ ਫ਼ਤਿਹਗੜ੍ਹ ਪੰਜਗਰਾਈਆਂ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਜਿਹੜੇ ਬੱਚੇ ਜਨਮ ਤੋਂ ਲੈ ਕੇ ਘੱਟੋ ਘੱਟ ਦੋ ਸਾਲ ਤੱਕ ਮਾਂ ਦਾ ਦੁੱਧ ਪੀਂਦੇ ਹਨ ਉਹ ਦੂਜੇ ਬੱਚਿਆਂ ਦੇ ਮੁਕਾਬਲੇ ਘੱਟ ਬਿਮਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰੀਰਕ ਅਤੇ ਦਿਮਾਗ਼ੀ ਵਿਕਾਸ ਲਈ ਮਾਂ ਦਾ ਦੁੱਧ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਮਾਂ ਦਾ ਦੁੱਧ ਪਿਲਾਉਣ ਨਾਲ ਬੱਚੇ ਤੰਦਰੁਸਤ ਤਾਂ ਰਹਿੰਦੇ ਹੀ ਹਨ ਸਗੋਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਕਈ ਬਿਮਾਰੀਆਂ ਤੋਂ ਬਚਦੀਆਂ ਹਨ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਬਿੰਦੂ ਨੇ ਕਿਹਾ ਕਿ ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਛੇ ਮਹੀਨਿਆਂ ਤੋਂ ਬਾਅਦ ਮਾਂ ਨੂੰ ਆਪਣੇ ਦੁੱਧ ਦੇ ਨਾਲ ਨਾਲ ਓਪਰੀ ਖ਼ੁਰਾਕ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ 2 ਸਾਲ ਤੱਕ ਦੁੱਧ ਪਿਲਾਉਂਦੇ ਰਹਿਣਾ ਚਾਹੀਦਾ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਮਹੇਸ਼ ਨੇ ਕਿਹਾ ਕਿ ਬੱਚੇ ਨੂੰ ਜਨਮ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਪਹਿਲਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿਸ ਵਿੱਚ ਐਂਟੀ ਬਾਡੀਜ਼ ਹੁੰਦੇ ਹਨ ਜੋ ਕਿ ਬੱਚੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਗਰਭਵਤੀ ਮਾਵਾਂ, ਦੁੱਧ ਪਿਲਾਉਂਦੀਆਂ ਔਰਤਾਂ ਅਤੇ ਆਮ ਲੋਕਾਂ ਨੂੰ ਮਾਂ ਦੇ ਦੁੱਧ ਦੇ ਫ਼ਾਇਦਿਆਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ।
Please Share This News By Pressing Whatsapp Button