ਦਿਹਾਤੀ ਖੇਤਰਾਂ ’ਚ ਲੋੜਵੰਦ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਮੋਬਾਇਲ ਮੈਡੀਕਲ ਯੂਨਿਟ -ਡਿਪਟੀ ਕਮਿਸ਼ਨਰ
ਸੰਗਰੂਰ, 5 ਅਗਸਤ:
ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਜ਼ਿਲੇ ਦੇ ਪਿੰਡਾਂ ਅਤੇ ਝੁੱਗੀ ਝੌਂਪੜੀਆਂ ’ਚ ਵਸਦੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੋਬਾਇਲ ਮੈਡੀਕਲ ਯੂਨਿਟ ਵੈਨ ਲੋੜਵੰਦਾ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ। ਉਨਾਂ ਦੱਸਿਆ ਕਿ ਜਿੱਥੇ ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਨੰੂ ਨਜਿੱਠਣ ਲਈ ਲੋਕਾਂ ਤੱਕ ਪਹੰੁਚ ਕਰਕੇ ਕੈਂਪਾਂ ਰਾਹੀ ਸੈਂਪਿਗ ਅਤੇ ਵੈਕਸੀਨੇਸ਼ਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿੱਚ ਅਤਿ-ਆਧੁਨਿਕ ਇਲਾਜ ਸੁਵਿਧਾਵਾਂ ਮੁਹੱਈਆ ਕਰਵਾ ਕੇ ਬਿਮਾਰ ਲੋਕਾਂ ਨੂੰ ਵੱਡੀ ਰਾਹਤ ਪਹੰੁਚਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਪ੍ਰੈਲ 2021 ਤੋਂ ਜੂਨ 2021 ਦੌਰਾਨ ਮੋਬਾਇਲ ਮੈਡੀਕਲ ਯੂਨਿਟ ਦੇ ਤਜਰਬੇਕਾਰ ਅਮਲੇ ਵੱਲੋਂ 53 ਪਿੰਡਾਂ ’ਚ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਂਦੇ ਹੋਏ 1031 ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨਾਂ ਦੱਸਿਆ ਕਿ ਇਸ ਮੋਬਾਇਲ ਮੈਡੀਕਲ ਯੂਨਿਟ ਰਾਹੀ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ ਨਾਲ ਈ.ਸੀ.ਜੀ, ਲੈਬ ਟੈਸਟ ਆਦਿ ਵੀ ਮੌਕੇ ’ਤੇ ਮੁਫ਼ਤ ਕੀਤੇ ਗਏ। ਉਨਾਂ ਦੱਸਿਆ ਕਿ ਮੋਬਾਇਲ ਮੈਡੀਕਲ ਯੂਨਿਟ ਰਾਹੀ 966 ਮਰੀਜ਼ਾਂ ਦੀ ਈ.ਸੀ.ਜੀ, 29 ਮਰੀਜ਼ਾਂ ਦੇ ਐਕਸਰੇ ਅਤੇ 565 ਲੈਬ ਟੈਸਟ ਕੀਤੇ ਗਏ।
ਉਨਾਂ ਦੱਸਿਆ ਕਿ ਮੋਬਾਇਲ ਯੂਨਿਟ ਰਾਹੀਂ ਲੋੜਵੰਦ ਮਰੀਜ਼ਾਂ ਤੱਕ ਪਹੁੰਚ ਕਰਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲੇ ਦੇ ਦੂਰ ਦੁਰਾਡੇ ਦੇ ਖੇਤਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਅਪਾਹਿਜ, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ, ਜਿਹੜੇ ਕਿ ਹਸਪਤਾਲਾਂ ਵਿੱਚ ਜਾਣ ਤੋਂ ਅਸਮਰੱਥ ਹੁੰਦੇ ਹਨ, ਨੂੰ ਦਵਾਈ ਪਹੁੰਚਾਉਣ ਲਈ ਇਹ ਮੋਬਾਇਲ ਮੈਡੀਕਲ ਬੱਸ ਲਾਹੇਵੰਦ ਸਾਬਿਤ ਹੋ ਰਹੀ ਹੈ।
ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਇਸ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜ਼ਾਨਾ ਵੱਖ-ਵੱਖ ਪਿੰਡਾਂ ਤੇ ਸਲੱਮ ਬਸਤੀਆਂ ਵਿੱਚ ਜਾ ਕੇ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਇਸ ਸੇਵਾ ਤੋਂ ਜ਼ਿਲੇ ਦੇ ਵੱਡੀ ਗਿਣਤੀ ਲੋੜਵੰਦ ਲਾਭ ਉਠਾ ਰਹੇ ਹਨ। ਉਨਾਂ ਜ਼ਿਲੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਮੋਬਾਇਲ ਮੈਡੀਕਲ ਬੱਸ ਕਿਸੇ ਪਿੰਡ ਵਿਚ ਪੁੱਜਦੀ ਹੈ ਤਾਂ ਸਿਹਤ ਸੇਵਾਵਾਂ ਦਾ ਲੋੜ ਅਨੁਸਾਰ ਲਾਭ ਲਿਆ ਜਾਵੇ।
Please Share This News By Pressing Whatsapp Button