ਵਿਜੈ ਇੰਦਰ ਸਿੰਗਲਾ ਅੱਜ ਸੰਗਰੂਰ ਹਲਕੇ ‘ਚ ਕਈ ਵੱਡੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਸੰਗਰੂਰ, 13 ਅਗਸਤ:
ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਭਲਕੇ ਕਈ ਪ੍ਰੋਜੈਕਟ ਸੰਗਰੂਰ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਕਾਉਂਸਲਿੰਗ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਕਰੀਅਰ ਚੁਣਨ ਅਤੇ ਸੁਪਨਿਆਂ ਨੂੰ ਸਾਕਾਰ ਵਿੱਚ ਸਹਾਇਤਾ ਕਰੇਗੀ।
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ, ਜੋ ਕਿ ਸੰਗਰੂਰ ਹਲਕੇ ਤੋਂ ਵਿਧਾਇਕ ਵੀ ਹਨ, ਵੱਲੋਂ ਭਲਕੇ ਨਵੀਂ ਅਨਾਜ ਮੰਡੀ ਸੰਗਰੂਰ ਅਤੇ ਨਦਾਮਪੁਰ ਦਾਣਾ ਮੰਡੀ ਵਿਖੇ ਫੜ੍ਹ ਤੇ ਸ਼ੈੱਡ ਮੋਦੀ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਵਿੱਢੇ ਸੰਘਰਸ਼ ਦੌਰਾਨ ਆਪਣੀ ਜਾਨ ਵਾਰਨ ਵਾਲੇ ਕਿਸਾਨਾਂ ਦੇ ਨਾਂ ਸਮਰਪਿਤ ਕਰਨਗੇ। ਇਨਾਂ ਪ੍ਰੋਜੈਕਟਾਂ ਤੋਂ ਇਲਾਵਾ ਸ੍ਰੀ ਵਿਜੈ ਇੰਦਰ ਸਿੰਗਲਾ ਭਵਾਨੀਗੜ੍ਹ ਨੇੜਲੇ ਪਿੰਡ ਰੋਸ਼ਨਵਾਲਾ ਵਿਖੇ ਇੱਕ ਸਰਕਾਰੀ ਡਿਗਰੀ ਕਾਲਜ ਅਤੇ ਪਿੰਡ ਘਰਾਚੋਂ ਵਿਖੇ ਇੱਕ ਸਪੋਰਟਸ ਪਾਰਕ ਦਾ ਉਦਘਾਟਨ ਕਰਨਗੇ।
ਸੰਗਰੂਰ ਸ਼ਹਿਰ ਦੇ ਅੰਬੇਡਕਰ ਨਗਰ ਵਿੱਚ ਇੱਕ ਕਮਿਉਨਿਟੀ ਹਾਲ ਵੀ ਬਣਾਇਆ ਗਿਆ ਹੈ ਜੋ ਕਿ ਸ੍ਰੀ ਵਿਜੈ ਇੰਦਰ ਸਿੰਗਲਾ ਦੁਆਰਾ ਭਲਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਨਾਂ ਵਿਕਾਸ ਪ੍ਰੋਜੈਕਟਾਂ ਦੇ ਨਾਲ-ਨਾਲ ਸ੍ਰੀ ਸਿੰਗਲਾ ਇੱਕ ਸੇਫ਼ ਸਿਟੀ ਪ੍ਰੋਜੈਕਟ ਵੀ ਲਾਂਚ ਕਰਨਗੇ ਜੋ ਸੰਗਰੂਰ ਅਤੇ ਭਵਾਨੀਗੜ੍ਹ ਸਬਡਵੀਜ਼ਨ ਦੇ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ‘ਤੇ ਕੇਂਦਰਤ ਹੋਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਰੂਰ ਹਲਕਾ ਉਨਾਂ ਲਈ ਇੱਕ ਪਰਿਵਾਰ ਵਾਂਗ ਹੈ ਅਤੇ ਉਹ ਹਲਕੇ ਦੇ ਵਸਨੀਕਾਂ ਦੀਆਂ ਉਨ੍ਹਾਂ ਤੋਂ ਉਮੀਦਾਂ ਨੂੰ ਪੂਰਾ ਕਰਨ ‘ਚ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
Please Share This News By Pressing Whatsapp Button