ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ-ਕੁਮਾਰ ਅਮਿਤ
ਪਟਿਆਲਾ, 13 ਅਗਸਤ (ਬਲਵਿੰਦਰ ਪਾਲ)
ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਅੱਜ ਇੱਥੇ ਫੁਲ ਡਰੈਸ ਰਿਹਰਸਲ ਹੋਈ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਇਸ ਰਿਹਰਸਲ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਸ਼ਿਕਾਇਤ ਨਿਵਾਰਣ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਆਪਣਾ ਸੰਦੇਸ਼ ਦੇਣਗੇ। ਉਨ੍ਹਾਂ ਦੱਸਿਆ ਕਿ ਭਾਵੇਂ ਕਿ ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਦੀ ਸੰਭਾਵਨਾ ਕਰਕੇ ਇਹ ਸਮਾਗਮ ਸੰਖੇਪ ਹੋਵੇਗਾ, ਪਰੰਤੂ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ।
ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਜ਼ਿਲ੍ਹਾ ਪੁਲਿਸ ਨੇ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਹਨ ਅਤੇ ਲੋੜੀਂਦੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਸਮਾਗਮ ਦੇ ਮੱਦੇਨਜ਼ਰ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ।
ਐਸ.ਐਸ.ਪੀ. ਡਾ. ਗਰਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਲਾਵਾਰਸ ਵਸਤੂ ਨੂੰ ਹੱਥ ਨਾ ਲਗਾਉਣ ਅਤੇ ਕਿਸੇ ਵੀ ਅਜਿਹੀ ਲਾਵਾਰਸ ਜਾਂ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਦਿਖਦਾ ਹੈ, ਇਸ ਬਾਰੇ ਸੂਚਨਾ ਨੇੜਲੇ ਪੁਲਿਸ ਥਾਣੇ, ਚੌਂਕੀ, ਨਾਕੇ ਜਾਂ ਪੀ.ਸੀ.ਆਰ. ਟੀਮ ਨੂੰ ਦੇਣ ਸਮੇਤ ਜਾਂ ਪੁਲਿਸ ਹੈਲਪਲਾਈਨ ਨੰਬਰ 181 ਜਾਂ 112 ਨੰਬਰ ‘ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਫੁਲ ਡਰੈਸ ਰਿਹਰਸਲ ਦੌਰਾਨ ਪਰੇਡ ਕਮਾਂਡਰ ਡੀ.ਐਸ.ਪੀ. ਨੇਹਾ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਦੀਆਂ ਦੋ ਟੁਕੜੀਆਂ, ਪੰਜਾਬ ਪੁਲਿਸ ਮਹਿਲਾ ਵਿੰਗ ਦੀ ਇੱਕ ਟੁਕੜੀ, ਪੰਜਾਬ ਹੋਮਗਾਰਡਜ, ਚੌਥੀ ਗਰਲਜ਼ ਬਟਾਲੀਅਨ ਐਨ.ਸੀ.ਸੀ. ਆਰਮੀ ਵਿੰਗ, ਤੀਜੀ ਪੰਜਾਬ ਏਅਰ ਸਕੁਐਂਡਰਨ ਐਨ.ਸੀ.ਸੀ. ਵਿੰਗ, ਪੰਜਵੀਂ ਪੰਜਾਬ ਐਨ.ਸੀ.ਸੀ. ਆਰਮੀ ਵਿੰਗ ਸਮੇਤ ਪੰਜਾ ਪੁਲਿਸ ਦੇ ਆਈ.ਆਰ.ਬੀ. ਦੇ ਪਾਈਪ ਬੈਂਡ ਦੀ ਟੁਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਛੂਹਾਂ ਦਿੱਤੇ ਜਾਣ ਬਾਬਤ ਅਧਿਕਾਰੀਆਂ ਨਾਲ ਇੱਕ ਬੈਠਕ ਵੀ ਕੀਤੀ। ਇਸ ਮੌਕੇ ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅਵਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਐਸ.ਪੀ. ਹਰਕਮਲ ਕੌਰ, ਡੀ.ਐਸ.ਪੀ. ਸਥਾਨਕ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. ਸੌਰਵ ਜਿੰਦਲ, ਡੀ.ਐਸ.ਪੀ. ਹੇਮੰਤ ਸ਼ਰਮਾ ਸਮੇਤ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Please Share This News By Pressing Whatsapp Button