ਪੰਜਾਬ ਸਰਕਾਰ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਵਚਨਬੱਧ
ਮਲੇਰਕੋਟਲਾ, 14 ਅਗਸਤ
ਪੰਜਾਬ ਸਰਕਾਰ ਦਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਡਿਜੀਟਲ ਯੁੱਗ ‘ਚ ਵੱਖ ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਇੱਕੋ ਸਥਾਨ ‘ਤੇ ਉਪਲਬਧ ਕਰਵਾਉਣ ਲਈ ਸੇਵਾ ਕੇਂਦਰ ਬਣਾਏ ਗਏ ਹਨ, ਜਿੱਥੇ ਬਿਨਾਂ ਕਿਸੇ ਹੋਰ ਵਿਭਾਗ ‘ਚ ਗਏ ਸੇਵਾ ਕੇਂਦਰ ‘ਚ ਫਾਰਮ ਜਮਾਂ ਕਰਵਾਉਣ ਤੋਂ ਬਾਅਦ ਨਿਰਧਾਰਿਤ ਸਮੇਂ ‘ਤੇ ਸੇਵਾ ਪ੍ਰਾਪਤ ਹੋ ਜਾਂਦੀ ਹੈ, ਜਿਸ ਸਦਕਾ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਦਿੱਕਤ ਦੇ ਇੱਕੋ ਸਥਾਨ ਤੋਂ ਸੇਵਾਵਾਂ ਮਿਲ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰ ‘ਚ ਵੱਖ ਵੱਖ ਵਿਭਾਗਾਂ ਨਾਲ ਸਬੰਧਿਤ 332 ਪ੍ਰਕਾਰ ਦੀਆਂ ਸੇਵਾਵਾਂ ਪਹਿਲਾਂ ਹੀ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 75ਵੇਂ ਆਜ਼ਾਦੀ ਦਿਵਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਟਰਾਂਸਪੋਰਟ ਵਿਭਾਗ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨਾਗਰਿਕਾਂ ਲਈ 4 ਹੋਰ ਸਹੂਲਤਾਂ ਦਾ ਇਜ਼ਾਫਾ ਕਰਨ ਦਾ ਰਸਮੀ ਉਦਘਾਟਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਵਰਚੂਅਲ ਤਰੀਕੇ ਨਾਲ ਕਰਨਗੇ ।
ਉਨ੍ਹਾਂ ਦੱਸਿਆ ਕਿ ਇਹ ਚਾਰ ਸਕੀਮਾਂ ‘ਚ ਪਹਿਲੀ ਸਕੀਮ ਐਨ.ਆਰ.ਆਈ. ਸੈੱਲ ਪੰਜਾਬ ਤੋਂ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦੀ ਸੇਵਾ, ਦੂਜੀ ਸਕੀਮ ਸੂਚਨਾ ਦੇ ਅਧਿਕਾਰ ਐਕਟ (ਆਰ. ਟੀ.ਆਈ.ਐਕਟ ) ਸਬੰਧੀ, ਤੀਜੀ ਜਨਮ ਅਤੇ ਮੌਤ ਦਾ ਸਰਟੀਫਿਕੇਟ ਪ੍ਰਾਈਵੇਟ ਹਸਪਤਾਲਾਂ ਤੋ ਲੈਣ ਸਬੰਧੀ ਅਤੇ ਚੌਥੀ ਸੇਵਾ ਕੇਂਦਰਾਂ ਰਾਹੀਂ ਘਰ ਜਾ ਕੇ ਸਰਵਿਸ ਮੁਹੱਈਆ ਕਰਵਾਉਣ ਸਬੰਧੀ ਹੈ। ਅਜਿਹੀਆਂ ਸੁਵਿਧਾਵਾਂ ਦਾ ਇਜ਼ਾਫਾ ਹੋਣ ਨਾਲ ਸਰਕਾਰੀ ਕੰਮ ਕਾਜ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ।
Please Share This News By Pressing Whatsapp Button