ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਤੇ ਭਵਾਨੀਗੜ ਦੇ ਪਿੰਡਾਂ ਦੀ ਸੁਰੱਖਿਆ ਲਈ ਕੀਤੀ ‘ਸੇਫ਼ ਸਿਟੀ ਪ੍ਰੋਜੈਕਟ’ ਦੀ ਸ਼ੁਰੂਆਤ
ਬਾਲੀਆਂ/ਸੰਗਰੂਰ, 15 ਅਗਸਤ: (ਸਿਟੀ ਨਿਊਜ਼)
ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਸੰਗਰੂਰ ਹਲਕੇ ਦੇ ਪਿੰਡ ਬਾਲੀਆਂ ਤੋਂ ਸੂਬੇ ਦੇ ਪਿੰਡਾਂ ’ਚ ਹਾਈ-ਟੈਕ ਕੈਮਰੇ ਲਗਾਉਣ ਲਈ ਸ਼ੁਰੂ ਕੀਤੇ ਜਾ ਰਹੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ’ਚ ਪਹਿਲੀ ਵਾਰ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਜੈਕਟ ਤਹਿਤ ਸੰਗਰੂਰ ਅਤੇ ਭਵਾਨੀਗੜ ਸਬਡਵੀਜ਼ਨ ਦੇ ਸਾਰੇ 87 ਪਿੰਡਾਂ ਦੇ ਹਰ ਦਾਖਲੇ ਅਤੇ ਨਿਕਾਸੀ ਵਾਲੇ ਸਥਾਨ ’ਤੇ ਇਹ ਹਾਈ-ਟੈਕ ਕੈਮਰੇ ਲਗਵਾਏ ਜਾਣਗੇ। ਉਨਾਂ ਕਿਹਾ ਕਿ ਸੰਗਰੂਰ ਹਲਕੇ ’ਚ ਲਗਾਏ ਜਾ ਰਹੇ ਇਸ ਪਾਇਲਟ ਪ੍ਰੋਜੈਕਟ ਦੀ ਸਫ਼ਲਤਾ ਤੋਂ ਬਾਅਦ ਪੂਰੇ ਪੰਜਾਬ ਵਿੱਚ ਸ਼ੁਰੂ ਕੀਤਾ ਜਾਵੇਗਾ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਪਿੰਡਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਹੀ ਉਹ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਪ੍ਰੋਜੈਕਟ ਮਨਜ਼ੂਰ ਕਰਵਾ ਕੇ ਲੈ ਕੇ ਆਏ ਹਨ। ਉਨਾਂ ਦੱਸਿਆ ਕਿ ਕਾਂਗਰਸ ਸਰਕਾਰ ਦੀ ਅਗਵਾਈ ’ਚ ਉਹ ਸੰਗਰੂਰ ਹਲਕੇ ਨੂੰ ਪੰਜਾਬ ਦਾ ਸਭ ਤੋਂ ਵਧੀਆ ਹਲਕਾ ਬਣਾਉਣ ਲਈ ਵਚਨਬੱਧ ਹਨ ਅਤੇ ਇਸ ਦਿਸ਼ਾ ਵੱਲ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਨਾਂ ਦੇ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਵੀ ਆ ਰਹੇ ਹਨ। ਉਨਾਂ ਕਿਹਾ ਕਿ ਸੰਗਰੂਰ ਹਲਕੇ ’ਚ ਲਗਾਇਆ ਜਾ ਰਿਹਾ ਇਹ ਇੱਕ ਅਜਿਹਾ ਹਾਈ-ਟੈਕ ਪ੍ਰੋਜੈਕਟ ਹੈ ਜਿਸ ’ਚ ਹਰ ਕੈਮਰੇ ਦੀ ਰਿਕਾਰਡਿੰਗ ਪੁਲਿਸ ਅਧਿਕਾਰੀਆਂ ਕੋਲ ਸਬੰਧਤ ਥਾਣਿਆਂ ’ਚ ਲਾਈਵ ਪਹੁੰਚੇਗੀ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਹਾਲਤ ’ਚ ਮਾੜੇ ਅਨਸਰਾਂ ਦੀ ਪਛਾਣ ਕਰਨ ਲਈ ਇਹ ਕੈਮਰੇ ਬਹੁਤ ਲਾਹੇਵੰਦ ਸਾਬਤ ਹੋਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਐਸ.ਪੀ. ਹੈਡਕਵਾਰਟਰ ਆਲਮ ਵਿਜੇ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Please Share This News By Pressing Whatsapp Button