ਧਰਮਸੋਤ ਨੇ ਪਿੰਡ ਬਨੇਰਾ ਖੁਰਦ ‘ਚ ਬੇਘਰਿਆਂ ਨੂੰ ਮਕਾਨ ਬਣਾਉਣ ਲਈ ਵੰਡੇ 5-5 ਮਰਲੇ ਦੇ ਪਲਾਟ
ਨਾਭਾ, 18 ਅਗਸਤ:(ਬਲਵਿੰਦਰ ਪਾਲ)
ਪੰਜਾਬ ਦੇ ਜੰਗਲਾਤ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਦੇ ਪਿੰਡ ਬਨੇਰਾ ਖੁਰਦ ਵਿਖੇ ਲੋੜਵੰਦ ਬੇਘਰਿਆਂ ਨੂੰ ਆਪਣੇ ਮਕਾਨ ਬਣਾਉਣ ਲਈ 5-5 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਪਿੰਡ ‘ਚ ਐਸ.ਸੀ. ਧਰਮਸ਼ਾਲਾ ਲਈ 2 ਲੱਖ ਰੁਪਏ ਤੇ ਪਿੰਡ ਦੇ ਪਾਰਕ ਨੂੰ ਵਿਕਸਤ ਕਰਨ ਲਈ ਨੀਂਹ ਪੱਥਰ ਰੱਖਦਿਆਂ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸ. ਧਰਮਸੋਤ ਨੇ ਸਥਾਨਕ ਵਸਨੀਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਸਰਕਾਰ ਦੀ ਸੇਵਾ ਸੰਭਾਲਦਿਆਂ ਹੀ ਕਿਸਾਨਾਂ, ਵਪਾਰੀਆਂ, ਗਰੀਬਾਂ ਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਅਹਿਮ ਫੈਸਲੇ ਕੀਤੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ 7000 ਕਰੋੜ ਰੁਪਏ ਦੀ ਕਰਜ਼ਾ ਰਾਹਤ ਪ੍ਰਦਾਨ ਕਰਨ ਦੇ ਨਾਲ-ਨਾਲ ਐਸ.ਸੀ. ਤੇ ਬੀ.ਸੀ. ਨਿਗਮਾਂ ਦੇ ਕਰਜ਼ਦਾਰਾਂ ਨੂੰ ਵੀ 50 ਹਜ਼ਾਰ ਰੁਪਏ ਤੱਕ ਦੀ ਕਰਜ਼ਾ ਰਾਹਤ ਪ੍ਰਦਾਨ ਕਰਦਿਆਂ 56 ਕਰੋੜ ਰੁਪਏ ਦੀ ਮੁਆਫ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨੀ ਕਰਜ਼ਿਆਂ ਦੀ ਰਾਹਤ ਦੇ ਕੇ ਦੇਸ਼ ਦੀਆਂ ਹੋਰਨਾਂ ਸਰਕਾਰਾਂ ਨੂੰ ਵੀ ਰਸਤਾ ਦਿਖਾਇਆ ਹੈ।
ਸ. ਧਰਮਸੋਤ ਨੇ ਦੱਸਿਆ ਕਿ ਹੁਣ ਬਾਕੀ ਰਹਿੰਦੇ ਇਨ੍ਹਾਂ ਵਰਗਾਂ ਦੇ ਹੋਰ ਕਰਜ਼ਦਾਰਾਂ ਨੂੰ ਵੀ ਰਾਹਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ‘ਤੇ ਉਂਗਲ ਉਠਾਉਣ ਵਾਲਿਆਂ ਨੇ ਵੀ 10 ਸਾਲ ਰਾਜ ਕੀਤਾ ਪਰੰਤੂ ਕਿਸੇ ਦੀ ਫੁੱਟੀ ਕੌਢੀ ਵੀ ਮੁਆਫ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਸਰਕਾਰ ਨੇ ਗਰੀਬ ਬੱਚੀਆਂ ਦੇ ਵਿਆਹ ਮੌਕੇ ਦਿੱਤੇ ਜਾਣ ਵਾਲੇ ਅਸ਼ੀਰਵਾਦ, ਸਮਾਜਿਕ ਸੁਰੱਖਿਆ ਪੈਨਸ਼ਨਾਂ ‘ਚ ਕੋਈ ਵਾਧਾ ਨਹੀਂ ਕੀਤਾ ਜਦੋਂਕਿ ਉਨ੍ਹਾਂ ਦੀ ਸਰਕਾਰ ਨੇ ਸ਼ਗਨ ਵਜੋਂ 51000 ਰੁਪਏ ਤੇ ਪੈਨਸ਼ਨਾਂ ਲਈ 1500 ਤੱਕ ਦਾ ਵਾਧਾ ਕੀਤਾ ਹੈ।
ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਗਰੀਬਾਂ ਤੇ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ 5-5 ਮਰਲੇ ਦੇ ਅਤੇ ਰੂੜੀਆਂ ਲਈ 2-2 ਮਰਲੇ ਦੇ ਪਲਾਟ ਦੇਣ ਦੇ ਪਿਛਲੀ ਸਰਕਾਰ ਨੇ ਲਾਰੇ ਹੀ ਲਗਾਏ ਪਰੰਤੂ ਉਨ੍ਹਾਂ ਨੇ ਕਰਕੇ ਵਿਖਾਇਆ ਅਤੇ ਨਾਭਾ ਹਲਕੇ 15 ਪਿੰਡਾਂ ‘ਚ ਇਹ ਪਲਾਟ ਪਾਸ ਕੀਤੇ, 10 ਪਿੰਡਾਂ ‘ਚ ਵੰਡੇ ਗਏ ਅਤੇ 5 ਪਿੰਡਾਂ ‘ਚ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੀਬਾਂ ਨੂੰ ਸਿਰ ਦੀ ਛੱਤ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਸੁਪਨਾ ਸੀ, ਜੋ ਹੁਣ ਪੂਰਾ ਹੋ ਰਿਹਾ ਹੈ। ਪਿੰਡ ਦੇ ਸਰਪੰਚ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਦਾ ਧਨਵਾਦ ਕੀਤਾ।
ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਇੱਛਿਆਮਾਨ ਸਿੰਘ ਭੋਜੋਮਾਜਰੀ, ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਬਲਾਕ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ, ਬਲਾਕ ਸੰਮਤੀ ਮੈਂਬਰ ਗੁੁਰਮੀਤ ਸਿੰਘ, ਮੰਤਰੀ ਦੇ ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਨਿਜੀ ਸਕੱਤਰ ਕਾਬਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ, ਡੀ.ਐਸ.ਪੀ. ਨਾਭਾ ਰਾਜੇਸ਼ ਛਿੱਬੜ, ਤਹਿਸੀਲਦਾਰ ਸੁਖਵਿੰਦਰ ਸਿੰਘ ਟਿਵਾਣਾ, ਬੀ.ਡੀ.ਪੀ.ਓ. ਪਰਵੇਸ਼ ਗੋਇਲ, ਕਰਨੈਲ ਸਿੰਘ ਸੌਜਾ, ਆਇਆ ਸਿੰਘ ਸਰਪੰਚ ਬਨੇਰਾ ਖੁਰਦ, ਹਰਦੇਵ ਸਿੰਘ ਅਗੇਤੀ, ਕੁਲਵਿੰਦਰ ਕੌਰ ਸਰਪੰਚ, ਕਸ਼ਮੀਰ ਸਿੰਘ, ਭੀਮ ਸਿੰਘ ਸਰਪੰਚ ਬਨੇਰਾ ਕਲਾਂ, ਬਹਾਦਰ ਸਿੰਘ ਸਰਪੰਚ ਸੌਜਾ, ਹਰਜਿੰਦਰ ਸਿੰਘ ਸਰਾਜਪੁਰ, ਰਾਜਵਿੰਦਰ ਕੌਰ, ਸੁਖਚੈਨ ਕੌਰ, ਅਮਰਜੀਤ ਕੌਰ, ਗੁਰਜੰਟ ਸਿੰਘ ਤੇ ਤਰਲੋਕ ਸਿੰਘ ਸਾਰੇ ਪੰਚ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ।
Please Share This News By Pressing Whatsapp Button