ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਸਤੰਬਰ ਮਹੀਨੇ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਦੀ ਸਮਾ ਸਾਰਣੀ ਜਾਰੀ
ਪਟਿਆਲਾ, 19 ਅਗਸਤ:(ਬਲਵਿੰਦਰ ਪਾਲ)
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਬਿਊਰੋ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਸਤੰਬਰ ਮਹੀਨੇ ਅੰਦਰ ਚਾਰ ਵੱਡੇ ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੋਜ਼ਗਾਰ ਮੇਲਿਆਂ ‘ਚ ਨਾਮੀ ਕੰਪਨੀਆਂ ਜਿਸ ਵਿਚ ਐੱਲ ਐਡ ਟੀ, ਆਈ.ਸੀ.ਆਈ.ਸੀ.ਆਈ ਬੈਂਕ, ਜੀ.ਐਸ.ਏ ਇੰਡਸਟਰੀਜ਼, ਐੱਸ.ਜੀ ਟੂਲਜ਼, ਫੈਡਰਲ ਮੌਗਿਲ, ਕਰਤਾਰ ਐਗਰੋ, ਹੀਰੋ ਮੋਟੋ ਕੋਰਪ ਤੇ ਪ੍ਰੀਤੀ ਟਰੈਕਟਰਜ਼ ਸਮੇਤ ਕਈ ਬੀਮਾ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ।
ਡਾ. ਪ੍ਰੀਤੀ ਯਾਦਵ ਨੇ ਸੱਤਵੇਂ ਰੋਜ਼ਗਾਰ ਮੇਲੇ ਦੀ ਸਮਾਂ ਸਾਰਣੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 9 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ (ਲੜਕੇ) ਪਟਿਆਲਾ, 13 ਸਤੰਬਰ ਸਰਕਾਰੀ ਕਾਲਜ ਲੜਕੀਆਂ ਪਟਿਆਲਾ, 15 ਸਤੰਬਰ ਪਬਲਿਕ ਕਾਲਜ ਸਮਾਣਾ ਤੇ 17 ਸਤੰਬਰ ਨੂੰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਨੌਜਵਾਨਾ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਨੌਜਵਾਨ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਆਪਣਾ ਭਵਿੱਖ ਉੱਜਵਲ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਤੇ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।
Please Share This News By Pressing Whatsapp Button