ਆਰਟੀਫੀਸ਼ੀਅਲ ਇੰਟੈਲੀਜੈਨਸ ਐਂਡ ਡਾਟਾ ਸਾਇੰਸ ਦੇ ਕੋਰਸ ਲਈ ਲਗਾਏ ਰਜਿਸਟ੍ਰੇਸ਼ਨ ਕੈਂਪ : ਰਵਿੰਦਰਪਾਲ ਸਿੰਘ
ਸੰਗਰੂਰ, 19 ਅਗਸਤ:
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਆਈ.ਆਈ.ਟੀ. ਰੋਪੜ ਨਾਲ ਤਾਲਮੇਲ ਕਰਕੇ ਯੋਗ ਪ੍ਰਾਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਨਸ ਐਂਡ ਡਾਟਾ ਸਾਇੰਸ ਦਾ ਮੁਫਤ ਕੋਰਸ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਰਜਿਸਟ੍ਰੇਸ਼ਨ ਕੈਂਪ ਲਗਾਏ ਗਏ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਸੰਗਰੂਰ ਸ਼੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਸਰਕਾਰੀ ਰਣਬੀਰ ਕਾਲਜ, ਸੰਗਰੂਰ ਅਤੇ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਨਸ ਐਂਡ ਡਾਟਾ ਸਾਇੰਸ ਦਾ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਕੈਂਪ ਲਗਾਏ ਗਏ। ਇਸ ਦੌਰਾਨ ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ 45 ਅਤੇ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਵਿਖੇ 65 ਯੋਗ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿਚ ਦਾਖਲਾ ਲੈਣ ਲਈ ਯੋਗਤਾ ਗਣਿਤ ਵਿਸ਼ੇ ਨਾਲ ਘੱਟੋ-ਘੱਟ 12ਵੀਂ ਪਾਸ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯੋਗ ਪ੍ਰਾਰਥੀਆਂ ਨੂੰ www.pgrkam.com ’ਤੇ ਰਜਿਸਟ੍ਰੇਸ਼ਨ ਕਰਨ ਉਪਰੰਤ ਈਮੇਲ ਪ੍ਰਾਪਤ ਹੋਵੇਗੀ ਅਤੇ ਪ੍ਰਵੇਸ਼ ਪ੍ਰੀਖਿਆ ਤੋਂ ਪਹਿਲਾਂ ਪ੍ਰਾਰਥੀਆਂ ਨੂੰ ਰਜਿਸਟਰਡ ਈ-ਮੇਲ ਆਈ.ਡੀ ’ਤੇ ਏ-ਡੀ.ਐਸ.ਏ.ਟੀ. ਪ੍ਰਵੇਸ਼ ਪ੍ਰੀਖਿਆ ਦੇਣ ਲਈ ਲਿੰਕ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਜਿਸਟਰ ਹੋਏ ਪ੍ਰਾਰਥੀਆਂ ਨੂੰ ਏ-ਡੀ.ਐਸ.ਏ.ਟੀ.ਪ੍ਰਵੇਸ਼ ਪ੍ਰੀਖਿਆ ਦੇਣੀ ਜ਼ਰੂਰੀ ਹੈ।
Please Share This News By Pressing Whatsapp Button