ਪ੍ਰਨੀਤ ਕੌਰ ਵੱਲੋਂ ਬਿਕਰਮ ਕਾਲਜ ਆਫ ਕਾਮਰਸ ‘ਚ ਨਵਾਂ ਪ੍ਰਬੰਧਕੀ ਬਲਾਕ ਦਾ ਲੋਕ ਅਰਪਣ
ਪਟਿਆਲਾ, 21 ਅਗਸਤ:(ਬਲਵਿੰਦਰ ਪਾਲ)
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਵਿਖੇ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਸਕੀਮ ਤਹਿਤ ਕਰੀਬ 64 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਉਸਾਰਿਆ ਗਿਆ ਪ੍ਰਬੰਧਕੀ ਬਲਾਕ ਤੇ ਕੁਨੈਕਟਿੰਗ ਕਾਰੀਡੋਰ ਦਾ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਲਜ ਪ੍ਰਿੰਸੀਪਲ ਡਾ. ਕੁਸਮ ਲਤਾ, ਸਟਾਫ ਮੈਂਬਰਜ ਅਤੇ ਵਿਦਿਆਰਥੀਆ ਮੌਜੂਦ ਸਨ।
ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ‘ਚ ਉਚੇਰੀ ਸਿੱਖਿਆ ਦੀ ਪ੍ਰਫੁਲਤਾ ਲਈ ਅਹਿਮ ਕਦਮ ਉਠਾਏ ਹਨ। ਉਨ੍ਹਾਂ ਨੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਪਟਿਆਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਲਜ, ਕਾਮਰਸ ਦੇ ਖੇਤਰ ਵਿੱਚ ਕੇਵਲ ਪੰਜਾਬ ਦੀ ਹੀ ਨਹੀਂ ਸਗੋਂ ਉੱਤਰੀ ਭਾਰਤ ਦੀ ਇੱਕ ਸ੍ਰੇਸ਼ਠ ਅਤੇ ਨਾਮਵਰ ਸੰਸਥਾ ਹੈ, ਜਿਸ ਨੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਵਾਲੇ ਕਈ ਹੀਰੇ ਦਿੱਤੇ ਹਨ।
ਸੰਸਦ ਮੈਂਬਰ ਨੇ ਕਾਲਜ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਅਤੇ ਕਾਲਜ ਦੀ ਉੱਨਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੇਂ ਪ੍ਰਬੰਧਕੀ ਬਲਾਕ ਵਿੱਚ ਈ-ਆਫਿਸ ਦਾ ਹੋਣਾ ਇਸ ਨੂੰ ਸਮੇਂ ਦਾ ਹਾਣੀ ਬਣਾਉਂਦਾ ਹੈ ਅਤੇ ਇਹ ਨਵੀਂ ਇਮਾਰਤ, ਪ੍ਰਬੰਧਕੀ ਕਾਰਜਾਂ ਨੂੰ ਹੋਰ ਵੀ ਪ੍ਰਭਾਵਸ਼ੀਲ ਬਣਾਉਣ ‘ਚ ਯੋਗਦਾਨ ਪਾਵੇਗੀ।
ਕਾਲਜ ਪ੍ਰਿੰਸੀਪਲ (ਪ੍ਰੋ.) ਡਾ. ਕੁਸਮ ਲਤਾ ਨੇ ਸੰਸਦ ਮੈਂਬਰ ਦਾ ਸਵਾਗਤ ਕਰਦਿਆਂ ਕਾਲਜ ਵਿਦਿਆਰਥੀਆਂ ਦੀਆਂ ਵਿੱਦਿਅਕ, ਸਭਿਆਚਾਰਕ ਤੇ ਹੋਰ ਖੇਤਰਾਂ ‘ਚ ਮੋਹਰੀ ਰਹਿ ਕੇ ਨਾਮਣਾ ਖੱਟੇ ਜਾਣ ਬਾਰੇ ਜਾਣੂ ਕਰਵਾਇਆ। ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਰਾਮ ਕੁਮਾਰ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਸੂਚਨਾ ਕਮਿਸ਼ਨਰ ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਕੌਂਸਲਰ ਵਿਜੈ ਕੁਮਾਰ ਕੂਕਾ, ਲੋਕ ਨਿਰਮਾਣ ਵਿਭਾਗ ਪ੍ਰਾਂਤਕ ਮੰਡਲ-1 ਦੇ ਕਾਰਜਕਾਰੀ ਇੰਜੀਨੀਅਰ ਐਸ.ਐਲ. ਗਰਗ, ਐਸ.ਡੀ.ਓ. ਸੰਦੀਪ ਵਾਲੀਆ, ਜੇ.ਈ. ਅਮਰਿੰਦਰ ਸਿੰਘ ਢਿੱਲੋਂ, ਪ੍ਰੋ. ਰਾਮ ਕੁਮਾਰ, ਚਰਨਜੀਤ ਕੌਰ, ਡਾ. ਅਪਰਾ, ਡਾ. ਜਯੋਤੀ ਤਿਰਥਾਨੀ, ਡਾ. ਰੇਖਾ, ਡਾ. ਜਸਪ੍ਰੀਤ ਕੌਰ, ਡਾ. ਰੀਤੂ ਕਪੂਰ, ਸ਼ਸੀ ਬਾਲਾ, ਕਿਰਨਜੀਤ ਕੌਰ ਤੇ ਬਲਬੀਰ ਸਿੰਘ ਸਮੇਤ ਹੋਰ ਸਟਾਫ ਮੈਂਬਰ ਹਾਜਰ ਰਹੇ।
Please Share This News By Pressing Whatsapp Button