ਪੀ.ਸੀ.ਵੀ. ਵੈਕਸੀਨ ਬੱਚਿਆਂ ਦੀ ਟੀਕਾਕਰਨ ਸੂਚੀ ਵਿਚ ਸ਼ਾਮਿਲ: ਸਿਵਲ ਸਰਜਨ
ਸੰਗਰੂਰ, 23 ਅਗਸਤ:
ਸਿਹਤ ਵਿਭਾਗ ਪੰਜਾਬ ਵੱਲੋਂ ਬੱਚਿਆਂ ਵਿਚ ਨਿਮੂਨੀਆਂ ਤੋਂ ਬਚਾਅ ਲਈ ਪੀ.ਸੀ.ਵੀ. ਵੈਕਸੀਨ ਨੂੰ ਟੀਕਾਕਰਨ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਨਿਊਮੋਨੋਕੌਕਲ ਟੀਕਾਕਰਨ ਇੱਕ ਵਿਸ਼ੇਸ਼ ਪ੍ਰਕਾਰ ਦੇ ਫੇਫੜਿਆਂ ਦੀ ਲਾਗ ਭਾਵ ਨਿਮੂਨੀਆ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ ਜੋ ਕਿ ਸਟਰੈਪਟੋਕੋਕਸ ਨਿਮੂਨੀਆ ਨਾਮਕ ਜੀਵਾਣੂ ਦੇ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਿਮੂਨੀਆ ਹਰੇਕ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਪਰ ਦੋ ਸਾਲ ਤੱਕ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਬਜ਼ੁਰਗਾਂ ਲਈ ਇਹ ਵਧੇਰੇ ਘਾਤਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰੋਨਿਕ ਬੀਮਾਰੀਆਂ ਤੋਂ ਪੀੜਤ ਵਿਅਕਤੀ ਅਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਇਸ ਦਾ ਵਧੇਰੇ ਖਤਰਾ ਹੁੰਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਇਸ ਦੇ ਬਚਾਅ ਲਈ ਪੰਜਾਬ ਵਿੱਚ 25 ਅਗਸਤ ਨੂੰ ਪੀ. ਸੀ. ਵੀ. ਵੈਕਸੀਨ ਲਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਡਾ. ਗੁਪਤਾ ਨੇ ਦੱਸਿਆ ਕਿ ਇਹ ਵੈਕਸੀਨ ਨਿਊਮੋਨੋਕੋਕਲ ਜੀਵਾਣੂਆਂ ਦੀਆਂ ਦਸ ਕਿਸਮਾਂ ਤੋਂ ਸੁਰੱਖਿਆ ਪ੍ਰਦਾਨ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਜ਼ਰੂਰ ਲਵਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਟ੍ਰੇਨਿੰਗ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਵੈਕਸੀਨ ਬਹੁਤ ਮਹਿੰਗੀ ਹੈ ਜਦਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਨੂੰ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਿਨੀਤ ਨਾਗਪਾਲ ਨੇ ਕਿਹਾ ਕਿ ਪੀ.ਸੀ.ਵੀ. ਵੈਕਸੀਨ ਦੀਆ ਤਿੰਨ ਖ਼ੁਰਾਕਾਂ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਬੱਚੇ ਦੇ ਡੇਢ ਮਹੀਨੇ ਦੀ ਉਮਰ ’ਤੇ, ਦੂਜੀ ਖੁਰਾਕ ਸਾਢੇ ਤਿੰਨ ਮਹੀਨੇ ਅਤੇ ਤੀਜੀ ਖੁਰਾਕ ਬੱਚੇ ਦੇ ਨੌ ਮਹੀਨੇ ਦੇ ਹੋਣ ’ਤੇ ਦਿੱਤੀ ਜਾਵੇਗੀ।
Please Share This News By Pressing Whatsapp Button