ਜੰਗਲਾਤ ਵਿਭਾਗ ਨੇ 71ਵਾਂ ਵਣ ਮਹਾਂਉਤਸਵ ਮਨਾਇਆ
ਪਟਿਆਲਾ, 24 ਅਗਸਤ:(ਬਲਵਿੰਦਰ )
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਅੱਜ 71ਵੇਂ ਵਣ ਮਹਾਂ ਉਤਸਵ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਵਣਪਾਲ (ਸਾਊਥ ਸਰਕਲ) ਡਾ. ਮਨੀਸ਼ ਕੁਮਾਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖਾਂ ਦੀ ਗਿਣਤੀ ਵਿੱਚ ਵਾਧਾ ਸਮੇਂ ਦੀ ਮੁੱਖ ਲੋੜ ਹੈ, ਪਰ ਇਹ ਇੱਕ ਵਿਅਕਤੀ ਜਾਂ ਫੇਰ ਵਿਭਾਗ ਦਾ ਕੰਮ ਨਾ ਹੋਕੇ ਇਸ ‘ਚ ਸਭ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਣ ਵਿਭਾਗ ਦੇ ਉਪਰਾਲਿਆਂ ਨਾਲ ਪਟਿਆਲਾ ਜ਼ਿਲ੍ਹੇ ‘ਚ ਪਿਛਲੇ ਸਮੇਂ ਦੌਰਾਨ 3 ਲੱਖ 30 ਹਜ਼ਾਰ ਤੋਂ ਵਧੇਰੇ ਬੂਟੇ ਲਗਾਏ ਗਏ ਹਨ ਅਤੇ 2 ਲੱਖ 63 ਤੋਂ ਜ਼ਿਆਦਾ ਬੂਟਿਆਂ ਦੀ ਮੁਫ਼ਤ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਦੇ ਇਸ ਮਿਸ਼ਨ ‘ਚ ਸਮਾਜ ਦੇ ਹਰੇਕ ਵਰਗ ਦਾ ਯੋਗਦਾਨ ਜ਼ਰੂਰੀ ਹੈ ਤਾਂ ਜੋ ਅਸੀ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾ ਸਕੀਏ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸੰਬੋਧਨ ਕਰਦਿਆ ਕਿਹਾ ਕਿ ਕੋਵਿਡ ਕਾਰਨ ਆਕਸੀਜਨ ਦੀ ਆਈ ਕਮੀ ਨੇ ਲੋਕਾਂ ਨੂੰ ਰੁੱਖਾਂ ਦੀ ਅਹਿਮੀਅਤ ਪ੍ਰਤੀ ਸੁਚੇਤ ਕਰਦਿਆ ਹਲੂਣਾ ਦਿੱਤਾ ਹੈ ਕਿ ਜੇਕਰ ਅਸੀ ਹੁਣ ਵੀ ਵਾਤਾਵਰਣ ਸਬੰਧੀ ਸੁਚੇਤ ਨਾ ਹੋਏ ਤਾਂ ਆਉਣ ਵਾਲਾ ਸਮੇਂ ‘ਚ ਇਸ ਦੇ ਨਤੀਜੇ ਕਾਫ਼ੀ ਮਾੜੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਕੂਲ ‘ਚ ਕਰਵਾਉਣ ਦਾ ਮੁੱਖ ਮਕਸਦ ਹੀ ਬੱਚਿਆਂ ਨੂੰ ਵਾਤਾਵਰਣ ਦੀ ਅਹਿਮੀਅਤ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਾਉਣ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਈ ਹਰਿਆਲੀ ਐਪ ਬਣਾਈ ਗਈ ਹੈ ਜਿਸ ‘ਤੇ ਰਜਿਸਟਰੇਸ਼ਨ ਕਰਵਾ ਕੇ ਕੋਈ ਵੀ ਵਿਅਕਤੀ ਆਪਣੀ ਨੇੜੇ ਦੀ ਨਰਸਰੀ ਤੋਂ 15 ਬੂਟੇ ਮੁਫ਼ਤ ਪ੍ਰਾਪਤ ਕਰ ਸਕਦਾ ਹੈ ਅਤੇ ਇਸੇ ਤਰ੍ਹਾਂ ਰੁੱਖਾਂ ਦੀ ਸਾਂਭ ਸੰਭਾਲ ਲਈ ਆਈ ਰਖਵਾਲੀ ਐਪ ਬਣਾਏ ਗਏ ਹੈ ਤਾਂ ਜੋ ਵਾਤਾਵਰਣ ਦੇ ਮੁੱਦਿਆਂ ‘ਚ ਆਮ ਲੋਕਾਂ ਦੀ ਸ਼ਮੂਲੀਅਤ ਵਧਾਈ ਜਾ ਸਕੇ।
ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣਾ ਸਾਡਾ ਫਰਜ਼ ਹੈ ਅਤੇ ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਵਾਲਾ ਵਿਅਕਤੀ ਨਿਸਵਾਰਥ ਭਾਵਨਾ ਨਾਲ ਬੂਟੇ ਲਗਾਉਦਾ ਹੈ ਕਿਉਕਿ ਉਸ ਦਾ ਲਾਭ 20 ਸਾਲਾਂ ਬਾਅਦ ਅਗਲੀ ਪੀੜੀ ਨੂੰ ਪ੍ਰਾਪਤ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੇ ਆਲੇ ਦੁਆਲੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪਟਿਆਲਾ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਮਿਸ ਵਿਦਿਆ ਸਾਗਰੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਪਿਛਲੇ ਇਕ ਹਫ਼ਤੇ ਤੋਂ ਮਹਾਂ ਵਣ ਉਤਸਵ ਮਨਾਇਆ ਜਾ ਰਿਹਾ ਹੈ ਅਤੇ ਇਸੇ ਦੀ ਲਗਾਤਾਰਤਾ ‘ਚ ਅੱਜ ਜ਼ਿਲ੍ਹੇ ਦੇ 56 ਸਥਾਨਾਂ ‘ਤੇ 12 ਐਨ.ਜੀ.ਓਜ਼, 9 ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੀੇ ਸਹਿਯੋਗ ਨਾਲ ਹੁਣ ਤੱਕ 21 ਹਜ਼ਾਰ 405 ਬੂਟੇ ਲਗਾਏ ਗਏ ਹਨ। ਇਸ ਮੌਕੇ ਮਹਿਮਾਨਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬੂਟੇ ਲਗਾਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
Please Share This News By Pressing Whatsapp Button