ਵਿਜੈ ਇੰਦਰ ਸਿੰਗਲਾ ਨੇ ਸਰਕਾਰੀ ਸਮਾਰਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ‘ਸਾਇਕੋਮੀਟਿ੍ਰਕ ਟੈਸਟ’ ਦੇ ਨਤੀਜੇ
ਭਵਾਨੀਗੜ/ਸੰਗਰੂਰ, 26 ਅਗਸਤ:
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਭਵਾਨੀਗੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਤੇ ਲੜਕੀਆਂ ਵਿਖੇ ਵਿਸ਼ੇਸ਼ ਕੌਂਸਲਿੰਗ ਮੁਹਿੰਮ ਤਹਿਤ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਮੁਲਕਾਤ ਕੀਤੀ। ਕੈਬਨਿਟ ਮੰਤਰੀ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ਹਲਕਾ ਉਨਾਂ ਦਾ ਪਰਿਵਾਰ ਹੈ ਅਤੇ ਇੱਥੋਂ ਦੇ ਹਰ ਵਰਗ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਦੀ ਉਨਾਂ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਇਸੇ ਜ਼ਿੰਮੇਵਾਰੀ ਤਹਿਤ ਉਨਾਂ ਨੇ ਆਪਣੇ ਨਿੱਜੀ ਵਸੀਲਿਆਂ ਨਾਲ ਸਰਕਾਰੀ ਸਕੂਲਾਂ ’ਚ 10ਵੀਂ ਅਤੇ 12ਵੀਂ ਜਮਾਤ ’ਚ ਪੜਦੇ ਤਕਰੀਬਨ 3500 ਵਿਦਿਆਰਥੀਆਂ ਦਾ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਤਾਂ ਜੋ ਉਨਾਂ ਦੀ ਯੋਗਤਾ ਦੀ ਪਛਾਣ ਕਰਕੇ ਅਗਲੇਰੀ ਪੜਾਈ ਤੇ ਕਰੀਅਰ ਦੀ ਚੋਣ ਲਈ ਪ੍ਰੇਰਿਤ ਕੀਤਾ ਜਾ ਸਕੇ
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ’ਚ ਨਾਮਵਰ ਕੰਪਨੀ ‘ਵੀਬੌਕਸ’ ਤੋਂ ਸੰਗਰੂਰ ਹਲਕੇ ਦੇ ਸਾਰੇ ਵਿਦਿਆਰਥੀਆਂ ਦਾ ਬਿਨਾਂ ਕਿਸੇ ਫ਼ੀਸ ਤੋਂ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਗਿਆ ਹੈ ਤਾਂ ਜੋ ਉਨਾਂ ਦੀ ਮੂਲ ਯੋਗਤਾ ਨੂੰ ਪਛਾਣਿਆ ਜਾ ਸਕੇ। ਉਨਾਂ ਕਿਹਾ ਕਿ ਇਹ ਟੈਸਟ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਮਾਧਿਅਮ ਜ਼ਰੀਏ ਕਰਵਾਇਆ ਗਿਆ ਸੀ ਅਤੇ ਟੈਸਟ ਤੋਂ ਬਾਅਦ ਹਰ ਵਿਦਿਆਰਥੀ ਦੀ ਵੱਖਰੀ ਨਤੀਜਾ ਰਿਪੋਰਟ ਪੰਜਾਬੀ ਅਤੇ ਅੰਗਰੇਜ਼ੀ, ਦੋਵੇਂ ਭਾਸ਼ਾਵਾਂ ’ਚ ਤਿਆਰ ਕਰਵਾਈ ਗਈ ਹੈ।
ਸ਼ੀ੍ਰ ਸਿੰਗਲਾ ਨੇ ਦੱਸਿਆ ਕਿ ਇਸ ਰਿਪੋਰਟ ’ਚ ਵਿਦਿਆਰਥੀਆਂ ਦੀ ਯੋਗਤਾ ਪਛਾਣਨ ਤੋਂ ਬਾਅਦ ਉਨਾਂ ਨੂੰ ਉਚੇਰੀ ਸਿੱਖਿਆ ਅਤੇ ਕਰੀਅਰ ਚੁਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ’ਚ ਉਨਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੇ ਜੀਵਨ ’ਚ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਭ ਤੋਂ ਅਹਿਮ ਸਵਾਲ ਸਫ਼ਲ ਕਰੀਅਰ ਲਈ ਉਚੇਰੀ ਸਿੱਖਿਆ ਚੁਣਨ ਦਾ ਹੁੰਦਾ ਹੈ ਅਤੇ ਇਸ ਸਬੰਧੀ ਸਾਡੇ ਸਮਾਜ ’ਚ ਵਿਦਿਆਰਥੀਆਂ ਨੂੰ ਬਹੁਤੀ ਸੇਧ ਵੀ ਨਹੀਂ ਮਿਲਦੀ। ਉਨਾਂ ਕਿਹਾ ਕਿ ਇਸ ਮੁਸ਼ਕਿਲ ਦੇ ਹੱਲ ਲਈ ਹੀ ਉਨਾਂ ਵੱਲੋਂ ਇਹ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਗਿਆ ਸੀ ਅਤੇ ਉਹ ਚਾਹੁੰਦੇ ਹਨ ਕਿ ਇਸ ਨੂੰ ਇੱਕ ਲੜੀ ਵਾਂਗ ਹਰ ਸਾਲ ਕਰਵਾਇਆ ਜਾਵੇ।
ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ, ਦੋਵੇਂ ਸਕੂਲਾਂ ਦਾ ਸਟਾਫ਼, ਵਿਦਿਆਰਥੀ ਤੇ ਉਨਾਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।
Please Share This News By Pressing Whatsapp Button