ਕਿਸਾਨਾਂ ਲਈ ਸੰਤੁਲਿਤ ਖੁਰਾਕ ਅਤੇ ਪੋਸ਼ਣ ਸਬੰਧੀ ਸੈਮੀਨਾਰ ਕਰਵਾਇਆ
ਸੰਗਰੂਰ, 27 ਅਗਸਤ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿ੍ਰਸ਼ੀ ਵਿਗਿਆਨ ਕੇੇਂਦਰ, ਖੇੜੀ ਵਿਖੇ ਕਿਸਾਨਾਂ ਲਈ ਸੰਤੁਲਿਤ ਖੁਰਾਕ ਅਤੇ ਪੋਸ਼ਣ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ 50 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਇਹ ਜਾਣਕਾਰੀ ਐਸੋਸੀਏਟ ਡਾਇਰੈਕਟਰ, ਕਿ੍ਰਸ਼ੀ ਵਿਗਿਆਨ ਕੇੇਂਦਰ ਖੇੜੀ ਡਾ. ਮਨਦੀਪ ਸਿੰਘ ਨੇ ਦਿੱਤੀ।
ਡਾ. ਮਨਦੀਪ ਸਿੰਘ ਨੇ ਹਾਜ਼ਰੀਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਚੰਗੀ ਖ਼ੁਰਾਕ ਦੇ ਨਾਲ ਹੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੀਆਂ ਵੱਖ-ਵੱਖ ਫਸਲਾਂ ਦੀਆਂ ਬਾਇਉਫੋਰਟੀਫਾਈਡ ਅਤੇ ਉੱਨਤ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਅਸ਼ੋਕ ਕੁਮਾਰ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਕੇ ਚੰਗੀ ਪੈਦਾਵਾਰ ਲੈਣ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨ ਬੇਲੋੜਾ ਯੂਰੀਆ ਪਾਉਣ ਤੋਂ ਗੁਰੇਜ ਕਰਨ ਤਾਂ ਜੋ ਵਾਧੂ ਖਰਚਿਆਂ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕੇ।
ਇਸ ਮੌਕੇ ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ. ਰਵਿੰਦਰ ਕੌਰ ਨੇ ਕਿਸਾਨਾਂ ਨੂੰ ਢੀਂਗਰੀ ਖੁੰਬ ਉਤਪਾਦਨ ਤੇ ਚੰਗੀ ਖੁਰਾਕ ਵਿੱਚ ਖੁੰਬਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਅਖੀਰ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੂੰ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕਿਤਾਬਾਂ ਤੇ ਸਬਜੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।
Please Share This News By Pressing Whatsapp Button