ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੋਨੇ-ਚਾਂਦੀ ਦੇ ਸਿੱਕੇ ਖ਼ਰੀਦ ਕੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਦੀਵੀ ਯਾਦਗਾਰੀ ਬਣਾਏ ਸੰਗਤ: ਡਿਪਟੀ ਕਮਿਸ਼ਨਰ
ਸੰਗਰੂਰ, 27 ਅਗਸਤ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਦੀ ਪਹਿਲੀ ਲਾਅ ਯੂਲੀਵਰਸਿਟੀ ਸਥਾਪਤ ਕਰਨ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕਰਨ ਲਈ ਅੱਜ ਕਰਵਾਏ ਗਏ ਵਰਚੂਅਲ ਸਮਾਗਮ ’ਚ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਆਨਲਾਈਨ ਮਾਧਿਅਮ ਜ਼ਰੀਏ ਪ੍ਰੋਗਰਾਮ ’ਚ ਸ਼ਾਮਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਦੀ ਪਹਿਲੀ ਲਾਅ ਯੂਨੀਵਰਸਿਟੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਸਥਾਪਤ ਕਰਨ ਦੇ ਨਾਲ-ਨਾਲ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ ਹਨ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਨੌਵੇਂ ਗੁਰੂ ਸਾਹਿਬਾਨ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਸਿੱਕੇ ਸ਼ੁੱਧ ਸੋਨੇ ਤੇ ਚਾਂਦੀ ਦੇ ਬਣਾਏ ਗਏ ਹਨ ਅਤੇ ਇਨਾਂ ਦੀ ਖਰੀਦ ਦੇ ਨਾਲ ਸਰਕਾਰ ਵੱਲੋਂ ਸ਼ੁੱਧਤਾ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੰਗਤ ਇਨਾਂ ਸਿੱਕਿਆਂ ਨੂੰ ਖਰੀਦ ਕੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਯਾਦਾਂ ਨੂੰ ਵੀ ਸਦੀਵੀ ਬਣਾ ਕੇ ਆਪਣੇ ਕੋਲ ਸੰਭਾਲ ਕੇ ਰੱਖ ਸਕਦੀ ਹੈ। ਉਨਾਂ ਦੱਸਿਆ ਕਿ ਸੋਨੇ ਦਾ ਪੰਜ ਗ੍ਰਾਮ ਦਾ ਸਿੱਕਾ 27,500 ਰੁਪਏ ਦਾ ਤੇ 10 ਗ੍ਰਾਮ ਦਾ 55,000 ਰੁਪਏ ਦਾ ਅਤੇ 50 ਗ੍ਰਾਮ ਚਾਂਦੀ ਦਾ ਸਿੱਕਾ 51,000 ਰੁਪਏ ਦੀ ਕੀਮਤ ’ਚ ਪੂਰੇ ਦੇਸ਼ ’ਚ ‘ਫੁਲਕਾਰੀ’ ਆਊਟਲੈਟਸ ’ਤੇ ਉਪਲਬਧ ਹੋਵੇਗਾ। ਉਨਾਂ ਕਿਹਾ ਕਿ ਇਨਾਂ ਸਿੱਕਿਆਂ ਦੀ ਵਿਕਰੀ ਲਈ ਪੰਜਾਬ ਸਰਕਾਰ ਵੱਲੋਂ ਬੈਂਕਾਂ ਤੇ ਡਾਕ ਘਰਾਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਘਰਾਂ ਦੇ ਨੇੜੇ ਹੀ ਇਹ ਸਿੱਕੇ ਉਪਲਬਧ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਰਨ ਤਾਰਨ ਜ਼ਿਲੇ ਦੇ ਪਿੰਡ ਕੈਰੋਂ ’ਚ 25 ਏਕੜ ਰਕਬੇ ’ਤੇ ਬਣਾਈ ਜਾ ਰਹੀ ਸ਼੍ਰੀ ਗੁਰੂ ਤੇਗ਼ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਦੇ ਨਿਰਮਾਣ ਲਈ ਪੰਜਾਬ ਸਰਕਾਰ 280 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕੀਤੀ ਜਾਣ ਵਾਲੀ ਇਸ ਯੂਨੀਵਰਸਿਟੀ ਦੀ ਇਮਾਰਤ ’ਚ ਅਕਾਦਮਿਕ ਤੇ ਪ੍ਰਬੰਧਕੀ ਕਾਰਜਾਂ ਲਈ ਅਤਿ-ਆਧੁਨਿਕ ਸਹੂਲਤਾਂ ਦੀ ਮੌਜੂਦਗੀ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਬਾਰ ਕੌਂਸਲ ਆਫ਼ ਇੰਡੀਆ ਵੱਲੋਂ ਪ੍ਰਵਾਨਗੀ ਤੋਂ ਬਾਅਦ ਇਸ ਯੂਨੀਵਰਸਿਟੀ ਵਿਖੇ ਐਲ.ਐਲ.ਬੀ., ਬੀ.ਏ.ਐਲ.ਐਲ.ਬੀ., ਬੀ.ਬੀ.ਏ. ਐਲ.ਐਲ.ਬੀ ਅਤੇ ਬੀ.ਕਾਮ ਐਲ.ਐਲ.ਬੀ. ਕੋਰਸਾਂ ਲਈ ਦਾਖ਼ਲਿਆਂ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਵਕਾਲਤ ਦੇ ਖੇਤਰ ’ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਲਈ ਇਹ ਯੂਨੀਵਰਸਿਟੀ ਬਹੁਤ ਲਾਹੇਵੰਦ ਸਾਬਤ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਰਣਬੀਰ ਕਾਲਜ ਦਾ ਸਟਾਫ਼ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Please Share This News By Pressing Whatsapp Button