ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 29 ਅਗਸਤ ਦੀ ਲੁਧਿਆਣਾ ਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਐਲਾਨ
ਸੰਗਰੂਰ 27 ਅਗਸਤ() ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਕੋ-ਕਨਵੀਨਰਾਂ ਸੁਖਵਿੰਦਰ ਗਿਰ, ਗੁਰਬਿੰਦਰ ਖਹਿਰਾ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸਾਂਝੇ ਸੰਘਰਸ਼ਾਂ ਦੀ ਉਸਾਰੀ ਲਈ ਠੋਸ ਪਹਿਲਕਦਮੀ ਤਹਿਤ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪ.ਪ.ਪ.ਫ.) ਵੱਲੋਂ 29 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਲੁਧਿਆਣਾ ਵਿਖੇ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਵਿੱਚ ਭਰਵੀਂ ਸਮੂਲੀਅਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 29 ਅਗਸਤ ਦੀ ਲੁਧਿਆਣਾ ਰੈਲੀ ਦੀ ਤਿਆਰੀ ਵਜੋਂ ਜਿਲ੍ਹਾ ਪੱਧਰ ‘ਤੇ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਆਪਕ ਤਿਆਰੀ ਮੁਹਿੰਮ ਚਲ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋੰ 29 ਅਗਸਤ ਨੂੰ ਲੁਧਿਆਣਾ ਵਿਖੇ ਉਲੀਕੀ ਵੰਗਾਰ ਰੈਲੀ ਵਿੱਚ ਵੀ ਮੁਲਾਜ਼ਮਾਂ ਦੀ ਵੱਡੀ ਸ਼ਮੂਲੀਅਤ ਕਰਵਾਈ ਜਾਵੇਗੀ।
ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੰਤਰੀ ਤੇ ਵਿਧਾਇਕ ਚਾਰ-ਚਾਰ ਪੈਨਸ਼ਨਾਂ ਲੈ ਰਹੇ ਹਨ, ਦੂਜੇ ਪਾਸੇ ਇੱਕ ਸਰਕਾਰੀ ਕਰਮਚਾਰੀ ਪੂਰੀ ਜਿੰਦਗੀ ਸਰਵਿਸ ਕਰਨ ਦੇ ਬਾਅਦ ਸਹੀ ਮਾਅਨਿਆ ਵਿਚ ਇੱਕ ਵੀ ਪੈਨਸ਼ਨ ਦਾ ਹੱਕਦਾਰ ਨਹੀਂ ਹੈ। ਕਿਉਂਕਿ 1 ਜਨਵਰੀ 2004 ਤੋਂ ਬਾਅਦ ਲਾਗੂ ਕੀਤੀ ਗਈ ਨਵੀਂ ਪੈਨਸ਼ਨ ਸਕੀਮ ਨੂੰ ਵੀ ਕਾਰਪੋਰੇਟ ਪੱਖੀ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਸੇਅਰ ਮਾਰਕਿਟ ਨਾਲ ਜੋੜ ਦਿੱਤਾ ਹੈ। ਜਿਸ ਨਾਲ ਇੱਕ ਪਾਸੇ ਕਰਮਚਾਰੀ ਦੀ ਇੱਕਠੇ ਕੀਤੇ ਪੈਸੇ ਨੂੰ ਕਾਰਪੋਰੇਟ ਘਰਾਣੇ ਨਿਵੇਸ਼ ਕਰਕੇ ਵੱਡਾ ਲਾਭ ਕਮਾ ਰਹੇ ਹਨ, ਓਥੇ ਕਰਮਚਾਰੀ ਨੂੰ ਰਿਟਾਇਰ ਹੋਣ ਤੋਂ ਬਾਅਦ ਨਾਮਾਤਰ ਪੈਨਸ਼ਨ ਹੀ ਮਿਲਦੀ ਹੈ। ਸਰਕਾਰ ਚਾਹੇ ਕਿਸੇ ਸਿਆਸੀ ਪਾਰਟੀ ਦੀ ਹੋਵੇ, ਸਾਰੀਆਂ ਲੋਕਾਂ ਦੇ ਹਿੱਤਾ ਦੀ ਰਾਖੀ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਫਰੰਟ ਵੱਲੋੰ ਪੁਰਾਣੀ ਪੈਨਸ਼ਨ ਦੇ ਘੋਲ਼ ਨੂੰ ਹੋਰ ਵਿਆਪਕ ਕਰਨ ਦੀ ਰਣਨੀਤੀ ਉਸਾਰਨ ਲਈ 19 ਸਤੰਬਰ ਨੂੰ ਜਲੰਧਰ ਵਿਖੇ ਸੈਮੀਨਾਰ ਕੀਤਾ ਜਾਵੇਗਾ। ਸੈਮੀਨਾਰ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਸਰਗਰਮ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ.ਪੀ.ਐੱਫ ਕਰਮਚਾਰੀ ਯੂਨੀਅਨ ਦੇ ਕਨਵੀਨਰਾਂ ਨੂੰ ਮੁੱਖ ਬੁਲਾਰਿਆਂ ਵੱਜੋੰ ਸੱਦਾ ਦਿੱਤਾ ਜਾਵੇਗਾ ਜੋ ਸਾਂਝੇ ਸੰਘਰਸ਼ ਦੀ ਉਸਾਰੀ ਵਿੱਚ ਮਿਸਾਲੀ ਭੂਮਿਕਾ ਅਦਾ ਕਰੇਗਾ। ਫੌਰੀ ਸਰਗਰਮੀਆਂ ਤਹਿਤ ਜ਼ਿਲਾ ਕਮੇਟੀਆਂ ਦੀ ਮੀਟਿੰਗਾਂ ਕਰਕੇ ਪੁਰਾਣੀ ਪੈਨਸ਼ਨ ਦੀ ਲਹਿਰ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਵਿੱਢੀ ਜਾਵੇਗੀ।
ਮੀਟਿੰਗ ਦੌਰਾਨ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਡੀ.ਟੀ.ਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੂੰ ਸੂਬਾ ਕਮੇਟੀ ਵਿੱਚ ਸਲਾਹਕਾਰ ਵੱਜੋੰ ਸ਼ਾਮਲ ਕੀਤਾ ਗਿਆ। ਇਸ ਤੋੰ ਇਲਾਵਾ ਈਟੀਟੀ ਅਧਿਆਪਕ ਜਸਵੀਰ ਸਿੰਘ ਭੰਮਾਂ ਨੂੰ ਸਰਵਸੰਮਤੀ ਨਾਲ਼ ਕੋ ਕਨਵੀਨਰ ਵੱਜੋੰ ਚੁਣਿਆ ਗਿਆ। ਇਸਦੇ ਨਾਲ ਭਵਿੱਖ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਐਨ.ਪੀ.ਐਸ. ਮੁਲਾਜ਼ਮਾਂ ਦੇ ਸਾਂਝੇ,ਵਿਸ਼ਾਲ ਅਤੇ ਤਿੱਖੇ ਘੋਲਾਂ ਦੀ ਉਸਾਰੀ ਲਈ ਹਰ ਸੰਘਰਸ਼ੀਲ ਧਿਰ ਨਾਲ਼ ਸਾਂਝ ਤੇ ਸੰਘਰਸ਼ੀ ਏਕਤਾ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਸੂਬਾ ਕੋ ਕਨਵੀਨਰਾਂ ਪਰਮਿੰਦਰ ਮਾਨਸਾ ਸਮੇਤ ਜ਼ਿਲਾ ਆਗੂਆਂ ਰਾਜੇਸ਼ ਪਰਾਸ਼ਰ, ਹਰਿੰਦਰ ਜੀਤ ਸਿੰਘ, ਰਜਿੰਦਰ ਸਮਾਣਾ, ਸਤਪਾਲ ਸਮਾਣਵੀ, ਰਜਿੰਦਰ ਗੁਰੂ, ਲਖਵਿੰਦਰ ਸਿੰਘ, ਗੌਰਵਜੀਤ ਸਿੰਘ, ਅਮਨ ਵਸ਼ਿਸ਼ਟ, ਜਸਪਾਲ ਖਾਂਗ, ਮਹਿੰਦਰ ਫਾਜ਼ਿਲਕਾ, ਦਲਜੀਤ ਸਫੀਪੁਰ, ਗੋਰਵਜੀਤ ਸਿੰਘ, ਸੁਖਵਿੰਦਰ ਸੁੱਖ, ਮਨਪ੍ਰੀਤ ਸਿੰਘ ਸਮਰਾਲਾ, ਰਜਿੰਦਰ ਸਿੰਘ ਆਦਿ ਆਗੂ ਸ਼ਾਮਿਲ ਸਨ।
Please Share This News By Pressing Whatsapp Button