75 ਲੱਖ ਦੀ ਲਾਗਤ ਨਾਲ ਬਣਾਇਆ ਖੇਡ ਪਾਰਕ ਵਿਜੈ ਇੰਦਰ ਸਿੰਗਲਾ ਨੇ ਪਿੰਡ ਕਾਕੜਾ ਵਾਸੀਆਂ ਨੂੰ ਕੀਤਾ ਅਰਪਿਤ
ਭਵਾਨੀਗੜ/ਸੰਗਰੂਰ, 29 ਅਗਸਤ:
ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਪਿੰਡ ਕਾਕੜਾ ਵਿਖੇ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਪਾਰਕ ਨੂੰ ਪਿੰਡ ਵਾਸੀਆਂ ਨੂੰ ਅਰਪਿਤ ਕੀਤਾ ਅਤੇ ਇਸਦਾ ਨਾਂ ਦੀਵਾਨ ਟੋਡਰ ਮੱਲ ਜੀ ਦੇ ਨਾਂ ’ਤੇ ਰੱਖਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਸਕੂਲ ਸਿੱਖਿਆ ਮੰਤਰੀ ਸ਼੍ਰੀ ਸਿੰਗਲਾ ਨੇ ਪਿੰਡ ਦੇ ਸਰਕਾਰੀ ਸਮਾਰਟ ਸਕੂਲ ’ਚ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਸਾਇਕੋਮੀਟਿ੍ਰਕ ਟੈਸਟ’ ਦੇ ਨਤੀਜੇ ਵੀ ਵੰਡੇ ਜੋ ਉਨਾਂ ਨੂੰ ਕਰੀਅਰ ਤੇ ਉਚੇਰੀ ਸਿੱਖਿਆ ਲਈ ਸਭ ਤੋਂ ਚੰਗੇ ਕੋਰਸ ਚੁਣਨ ’ਚ ਸਹਾਈ ਹੋਣਗੇ। ਇਸ ਤੋਂ ਬਾਅਦ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਪਿੰਡ ਬਖੋਪੀਰ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਡਿਸਪੈਂਸਰੀ ਦੀ ਇਮਾਰਤ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਦੇ ਪਿੰਡਾਂ ’ਚ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਵਚਨਬੱਧ ਹਨ ਤੇ ਇਸੇ ਕਵਾਇਦ ਤਹਿਤ ਹਲਕੇ ’ਚ ਬਿਨਾਂ ਕਿਸੇ ਭੇਦ-ਭਾਵ ਤੋਂ ਮਿਆਰੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਹਲਕੇ ’ਚ ਆਉਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਤਬਦੀਲ ਕਰਨ ਤੋਂ ਇਲਾਵਾ ਇਲਾਕੇ ਦੀਆਂ ਲਗਭਗ ਸਾਰੀਆਂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਚੁੱਕਾ ਹੈ। ਉਨਾਂ ਕਿਹਾ ਕਿ ਅੱਜ ਹਲਕੇ ਦੇ ਹਰ ਪਿੰਡ ’ਚ ਸਾਫ਼ ਪੀਣਯੋਗ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ ਅਤੇ ਗੰਦੇ ਪਾਣੀ ਦੀ ਯੋਗ ਨਿਕਾਸੀ ਲਈ ਛੱਪੜਾਂ ਦਾ ਨਵੀਨੀਕਰਨ ਕਰਵਾਇਆ ਗਿਆ ਹੈ
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਕਾਕੜਾ ਵਿਖੇ ਤਿਆਰ ਕਰਵਾਏ ਗਏ ਖੇਡ ਪਾਰਕ ’ਚ ਟਰੈਕ ਅਤੇ ਬੱਚਿਆਂ ਦੇ ਖੇਡਣ ਲਈ ਵੱਖਰੇ ਕੋਨੇ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕਰਵਾਏ ਗਏ ਇਸ ਪਾਰਕ ’ਚ ਹੋਰਨਾਂ ਸੁਵਿਧਾਵਾਂ ਦੇ ਨਾਲ-ਨਾਲ ਪਾਰਕਿੰਗ ਅਤੇ ਬੈਠਣ ਲਈ ਸ਼ੈੱਡ ਵੀ ਬਣਾਏ ਗਏ ਹਨ। ਉਨਾਂ ਦੱਸਿਆ ਕਿ ਇਹ ਨਮੂਨੇ ਦਾ ਪਾਰਕ ਬਣਾਇਆ ਗਿਆ ਹੈ ਅਤੇ ਇਸੇ ਤਰਜ਼ ’ਤੇ ਆਧਾਰਿਤ ਹੋਰਨਾਂ ਪਿੰਡਾਂ ’ਚ ਵੀ ਅਜਿਹੇ ਪਾਰਕ ਬਣਵਾਏ ਜਾ ਰਹੇ ਹਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪਿੰਡਾਂ ’ਚ ਦੀਆਂ ਗਲੀਆਂ ’ਚ ਇੰਟਰਲਾਕ ਟਾਈਲਾਂ ਲਗਵਾਉਣ ਤੋਂ ਇਲਾਵਾ ਪੱਕੀਆਂ ਫਿਰਨੀਆਂ ਅਤੇ ਹੋਰਨਾਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸਦੇ ਨਾਲ ਹੀ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ’ਚ ਵੀ ਸੁਧਾਰ ਕੀਤਾ ਗਿਆ ਹੈ ਜਿਸਦੇ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਬਲਾਕ ਸੰਮਤੀ ਵਰਿੰਦਰ ਪੰਨਵਾ, ਚੇਅਰਮੈਨ ਮਾਰਕਿਟ ਕਮੇਟੀ ਪਰਦੀਪ ਕੱਦ, ਕੁਲਦੀਪ ਸਿੰਘ ਭੁੱਲਰ, ਪਿੰਡਾਂ ਦੀਆਂ ਪੰਚਾਇਤ ਦੇ ਨੁਮਾਇੰਦੇ ਤੇ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ।
Please Share This News By Pressing Whatsapp Button