ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਬਿਹਤਰ ਅਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਸਵੱਪਨ ਸ਼ਰਮਾ
ਸੰਗਰੂਰ 30 ਅਗਸਤ:
ਜ਼ਿਲਾ ਸੰਗਰੁਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਢੰਗ ਨਾਲ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਬਿਹਤਰ ਅਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲੇ ਦੇ ਨਵਨਿਯੁਕਤ ਐਸ.ਐਸ.ਪੀ. ਸ੍ਰੀ ਸਵੱਪਨ ਸ਼ਰਮਾ ਨੇ ਵੱਖ-ਵੱਖ ਸੰਸਥਾਨਕ ਪੁਲਿਸ ਲਾਇਨ ਵਿਖੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਕੀਤਾ।
ਸ੍ਰੀ ਸਵੱਪਨ ਸ਼ਰਮਾ ਨੇ ਸਮੂਹ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਥਾਣਾ ਪੱਧਰ ’ਤੇ ਲੰਬਿਤ ਮਾਮਲਿਆਂ ਨੂੰ ਸਮਾਂਬੱਧ ਤਰੀਕੇ ਨਾਲ ਨਜਿੱਠਿਆ ਜਾਵੇ, ਤਾਂ ਜੋ ਪੁਲਿਸ ਅਤੇ ਲੋਕਾਂ ਦਾ ਰਿਸ਼ਤਾ ਹੋਰ ਜ਼ਿਆਦਾ ਮਜ਼ਬੂਤ ਹੋ ਸਕੇ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮਹਿਲਾਵਾਂ ਪ੍ਰਤੀ ਹੋਣ ਵਾਲੀਆਂ ਵਧੀਕੀਆਂ ਦੇ ਨਿਪਟਾਰੇ ਲਈ ਸਥਾਪਤ ਪੁਲਿਸ ਥਾਣੇ ਅੰਦਰ ਸਟਾਫ ਦਾ ਵਾਧਾ ਕੀਤਾ ਜਾਵੇਗਾ। ਉਨਾਂ ਥਾਣਾ ਮੁਖੀਆ ਨੂੰ ਹਦਾਇਤ ਕੀਤੀ ਕਿ ਹਰੇਕ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਤਨਦੇਹੀ ਨਾਲ ਡਿਊਟੀ ਕਰਨ ਨੂੰ ਪਹਿਲ ਦਿੱਤੀ ਜਾਵੇ, ਡਿਊਅੀ ਪ੍ਰਤੀ ਕੁਤਾਹੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਐਸ.ਐਸ.ਪੀ ਸ੍ਰੀ ਸ਼ਰਮਾ ਨੇ ਜ਼ਿਲੇ ਅੰਦਰ ਟੈ੍ਰਫਿਕ ਸਮੱਸਿਆ ਦੇ ਹਲ ਲਈ ਟੈ੍ਰਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਟੈ੍ਰਫਿਕ ਸਮੱਸਿਆ ਦੇ ਢੁੱਕਵੇਂ ਹਲ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲਾ ਪੁਲਿਸ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਉਨਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ, ਜਿਸਨੂੰ ਧਿਆਨ ’ਚ ਰੱਖਦਿਆਂ ਲੋਕਾਂ ਨੂੰ ਪੁਲਿਸ ਪ੍ਰਤੀ ਚੰਗਾ ਰਵੱਈਆ ਰੱਖਦੇ ਹੋਏ ਮਾੜੇ ਅਨਸਰਾਂ ਪ੍ਰਤੀ ਪਹਿਲ ਦੇ ਆਧਾਰ ਤੇ ਸੂਚਿਤ ਕਰਨਾ ਸਮੇਂ ਦੀ ਲੋੜ ਹੈ।
ਇਸ ਤੋਂ ਪਹਿਲਾ ਸ੍ਰੀ ਸਵੱਪਨ ਸ਼ਰਮਾ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਦੇ ਮੁਬਾਰਕਬਾਦ ਦਿੱਤੀ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਰਾਤ ਵੇਲੇ ਕੋਵਿਡ-19 ਦੇ ਮੱਦੇਨਜ਼ਰ ਮੰਦਰਾਂ ਵਿੱਚ ਵਧੇਰੇ ਇਕੱਠ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨਾਂ ਸ਼ਰਾਰਤੀ ਅਨਸਰਾਂ ਨੂੰ ਮੁੜ ਤੋਂ ਚੇਤਾਵਨੀ ਦਿੰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਅੰਦਰ ਖਲਲ ਪਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਾਵਾਈ ਅਮਲ ’ਚ ਲਿਆਂਦੀ ਜਾਵੇਗੀ।
Please Share This News By Pressing Whatsapp Button