ਜੁਲਾਈ ਤੋਂ ਲਾਗੂ 1500 ਰੁਪਏ ਪੈਨਸ਼ਨ ਦੀ ਵੰਡ ਪ੍ਰਕਿਰਿਆ ਸ਼ੁਰੂ – ਡਿਪਟੀ ਕਮਿਸ਼ਨਰ
ਮਲੇਰਕੋਟਲਾ 31 ਅਗਸਤ :
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਜਿਕ ਸੁਰੱਖਿਆ ਮਾਸਿਕ ਪੈਨਸ਼ਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦੀ ਮਨਜ਼ੂਰੀ ਪਿੱਛੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ 01 ਜੁਲਾਈ ਤੋਂ ਇਹ ਵਾਧਾ ਲਾਗੂ ਕਰ ਦਿੱਤਾ ਗਿਆ ਸੀ, ਜਿਸ ਦੀ ਅਦਾਇਗੀ ਸਬੰਧੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਰਵਾਏ ਗਏ ਵਰਚੂਅਲ ਸਮਾਗਮ ‘ਚ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਆਨ ਲਾਈਨ ਮਾਧਿਅਮ ਜ਼ਰੀਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ ।
ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਦੁੱਗਣੀ ਪੈਨਸ਼ਨ ਮਿਲਣ ਨਾਲ ਬਜ਼ੁਰਗਾਂ, ਵਿਧਵਾ ਅਤੇ ਬੇਸਹਾਰਾ ਔਰਤਾਂ, ਆਸ਼ਰਿਤ ਬੱਚੇ ਅਤੇ ਦਿਵਿਆਂਗ ਲਾਭਪਾਤਰੀ ਜਿੱਥੇ ਆਰਥਿਕ ਤੌਰ ਤੇ ਆਤਮ ਨਿਰਭਰ ਹੋ ਸਕਣਗੇ, ਉੱਥੇ ਉਨ੍ਹਾਂ ਦੀ ਮਾਨਸਿਕਤਾ ਵਿੱਚ ਵੀ ਸੁਧਾਰ ਆਵੇਗਾ ।
ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ 30 ਹਜ਼ਾਰ 64 ਲਾਭਪਾਤਰੀ ਯੋਗ ਪਾਏ ਗਏ ਹਨ ਜਿਨ੍ਹਾਂ ਨੂੰ ਵਧੀ ਹੋਈ ਪੈਨਸ਼ਨ ਦਾ 4 ਕਰੋੜ 50 ਲੱਖ 96 ਹਜ਼ਾਰ ਰੁਪਏ ਮਿਲੇਗਾ। ਜਿਨ੍ਹਾਂ ‘ਚ 20,328 ਬਜ਼ੁਰਗਾਂ, 1445 ਵਿਧਵਾਵਾਂ ਅਤੇ ਬੇਸਹਾਰਾ ਔਰਤਾਂ, 2969 ਦਿਵਿਆਂਗ ਵਿਅਕਤੀਆਂ ਅਤੇ 1445 ਆਸ਼ਰਿਤ ਬੱਚਿਆਂ ਇਸ ਵਧੀ ਹੋਈ ਪੈਨਸ਼ਨ ਦਾ ਲਾਭ ਮਿਲੇਗਾ । ਵਧੀ ਪੈਨਸ਼ਨ ਨਾਲ ਇਨ੍ਹਾਂ ਲਾਭਪਾਤਰੀਆਂ ਦਾ ਆਰਥਿਕ ਪੱਥਰ ਬਿਹਤਰ ਹੋਵੇਗਾ ਅਤੇ ਸਮਾਜ ਵਿੱਚ ਸਨਮਾਨ ਦੀ ਜ਼ਿੰਦਗੀ ਜੀਅ ਸਕਣਗੇ ।
ਜ਼ਿਲ੍ਹਾ ਸਮਾਜਿਕ ਅਫ਼ਸਰ ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ 06 ਪਿੰਡਾਂ ਦੇ 2237 ਲਾਭਪਾਤਰੀਆਂ ਨੂੰ 03 ਲੱਖ 35 ਹਜ਼ਾਰ 5500 ਰੁਪਏ ਦੇ ਵਧੀ ਹੋਈ ਸਮਾਜਿਕ ਸੁਰੱਖਿਆ ਮਾਸਿਕ ਪੈਨਸ਼ਨ ਦੇ ਚੈੱਕ ਵਰਚੂਅਲ ਸਮਾਗਮ ਉਪਰੰਤ ਤਕਸੀਮ ਕੀਤੇ ਗਏ।ਜਿਸ ‘ਚ ਮਲੇਰਕੋਟਲਾ ਬਲਾਕ ਦੇ ਪਿੰਡ ਭੂਦਨ ਵਿਖੇ 334, ਪਿੰਡ ਝੁਨੇਰ ਵਿਖੇ 250 ,ਅਮਰਗੜ੍ਹ ਬਲਾਕ ਦੇ ਪਿੰਡ ਬਨਭੌਰਾ ਵਿਖੇ 406, ਪਿੰਡ ਚੌਦਾ ਵਿਖੇ 515 ,ਅਹਿਮਦਗੜ੍ਹ ਬਲਾਕ ਪਿੰਡ ਕੰਗਰਪੁਰ ਵਿਖੇ 498 ਅਤੇ ਪਿੰਡ ਅਕਬਰਪੁਰ ਵਿਖੇ 196 ਲਾਭਪਾਤਰੀ ਸਨ । ਉਨ੍ਹਾਂ ਹੋਰ ਦੱਸਿਆ ਕਿ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਵਧੀ ਹੋਈ ਪੈਨਸ਼ਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ ।
Please Share This News By Pressing Whatsapp Button