ਬੱਚਿਆਂ ਦੀ ਘਰੇਲੂ ਦੇਖ ਭਾਲ ਸਬੰਧੀ ਸਿਖਲਾਈ ਸ਼ੁਰੂ-ਡਾ. ਅੰਜਨਾ ਗੁਪਤਾ
ਸੰਗਰੂਰ 7 ਸਤੰਬਰ
ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਧੀਨ ਬੱਚਿਆਂ ਦੀ ਘਰ ਵਿੱਚ ਦੇਖਭਾਲ ਸੰਬੰਧੀ ਏ.ਐੱਨ.ਐੱਮ., ਆਸ਼ਾ ਫ਼ੈਸਲੀਟੇਟਰ ਅਤੇ ਆਸ਼ਾ ਨੂੰ ਸਿਖਲਾਈ ਦਿੱਤੀ ਗਈ। ਇਹ ਜਾਣਕਾਰੀ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦਿੱਤੀ।
ਡਾ. ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1135 ਆਸ਼ਾ, 123 ਆਸ਼ਾ ਫੈਸਿਲੀਟੇਟਰ ਅਤੇ ਲਗਪਗ 30 ਏ ਐਨ ਐਮਜ਼ ਨੂੰ ਇਹ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿਚ ਘਰ ਵਿਚ ਬੱਚੇ ਦੀ ਦੇਖਭਾਲ ਵਿੱਚ ਆਸ਼ਾ ਦੀ ਭੂਮਿਕਾ ,ਉਸ ਦੀ ਜਿੰਮੇਵਾਰੀ, ਮਾਂ ਦੇ ਦੁੱਧ ਦੀ ਮਹੱਤਤਾ, ਪੂਰਕ ਖੁਰਾਕ, ਪਰਿਵਾਰ ਨਿਯੋਜਨ, ਬੱਚਿਆਂ ਦਾ ਸੰਪੂਰਨ ਟੀਕਾਕਰਨ, ਬੱਚਿਆਂ ਦੇ ਵਿਕਾਸ ਦਾ ਨਿਰੀਖਣ ਕਰਨਾ ਆਦਿ ਬਾਰੇ ਦੱਸਿਆ ਜਾਵੇਗਾ।
ਡਾ. ਅੰਜਨਾ ਗੁਪਤਾ ਨੇ ਸਮੂਹ ਆਸ਼ਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ 42 ਦਿਨਾਂ ਦੇ ਨਵਜੰਮੇ ਬੱਚੇ ਦੀ ਸਿਹਤ ਸੰਭਾਲ ਦੇ ਨਾਲ ਨਾਲ ਹੁਣ ਵੱਡੇ ਬੱਚੇ ਦੀ ਸਿਹਤ ਸੰਭਾਲ ਦੀ ਜਿੰਮੇਵਾਰੀ ਵੀ ਆਸ਼ਾ ਵੱਲੋਂ ਨਿਭਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਆਸ਼ਾ ਵੱਲੋਂ ਹੁਣ ਤਿੰਨ, ਛੇ, ਨੌੰ, ਬਾਰਾਂ ਅਤੇ ਪੰਦਰਾਂ ਮਹੀਨੇ ਦੇ ਬੱਚੇ ਦੇ ਘਰਾਂ ਵਿੱਚ ਵਾਧੂ ਦੌਰੇ ਕੀਤੇ ਜਾਣਗੇ ਅਤੇ ਬੱਚੇ ਦੀ ਸਿਹਤ ਬਾਰੇ ਨਿਗਰਾਨੀ ਕੀਤੀ ਜਾਵੇਗੀ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਿਨੀਤ ਨਾਗਪਾਲ ਨੇ ਆਸ਼ਾ ਨੂੰ ਹਦਾਇਤ ਕੀਤੀ ਉਹ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਲਈ ਵੱਧ ਤੋਂ ਵੱਧ ਪ੍ਰੇਰਤ ਕਰਨ ਅਤੇ ਜਿੰਨ੍ਹਾਂ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਲੱਗਣ ਵਾਲੀ ਹੈ ਉਨ੍ਹਾਂ ਨੂੰ ਵੈਕਸੀਨ ਲਗਵਾਉਣ ਲਈ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਦੂਸਰੀ ਡੋਜ਼ ਨਹੀਂ ਲੱਗੀ ਤਾਂ ਪਹਿਲੇ ਟੀਕੇ ਦਾ ਵੀ ਕੋਈ ਲਾਭ ਨਹੀਂ ਹੋਣ ਵਾਲਾ। ਉਨ੍ਹਾਂ ਦੱਸਿਆ ਕਿ ਬਿਮਾਰ ਬੱਚਿਆਂ ਦੀ ਸ਼ਨਾਖਤ ਅਤੇ ਇਲਾਜ ਬਾਰੇ ਵੀ ਵਿਭਾਗ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ ਇਹ ਸਿਖਲਾਈ ਸ੍ਰੀ ਦੀਪਕ ਸ਼ਰਮਾ ਜ਼ਿਲ੍ਹਾ ਕਮਿਊਨਿਟੀ ਮੋਬਲਾਈਜ਼ਰ ਸ੍ਰੀ ਲਖਵਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਅਤੇ ਸ੍ਰੀ ਰਣਧੀਰ ਸਿੰਘ ਜ਼ਿਲ੍ਹਾ ਮੋਨੀਟਰਿੰਗ ਅਤੇ ਇਵੈਲਿਊ ਅਫਸਰ ਦੇ ਰਹੇ ਹਨ।
Please Share This News By Pressing Whatsapp Button