ਵੋਟਰ ਸਾਖਰਤਾ ਕਲੱਬਾਂ ਰਾਹੀਂ ਨੌਜਵਾਨਾਂ ਨੂੰ ਵੋਟ ਦੇ ਹੱਕ ਪ੍ਰਤੀ ਕੀਤਾ ਜਾਵੇਗਾ ਜਾਗਰੂਕ : ਨੋਡਲ ਅਫ਼ਸਰ ਸਵੀਪ
ਪਟਿਆਲਾ, 9 ਸਤੰਬਰ:(ਬਲਵਿੰਦਰ ਪਾਲ)
ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਦੀ ਅਗਵਾਈ ਵਿਚ ਵੋਟਰਾਂ ਨੂੰ ਜਾਗਰੂਕ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਇਲੈੱਕਟ੍ਰਾਨਿਕ ਵੋਟਰ ਕਾਰਡ ਸਬੰਧੀ ਜਾਗਰੂਕਤਾ ਫੈਲਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਸਮੁੱਚੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਅੱਜ ਵਿਧਾਨ ਸਭਾ ਹਲਕਾ ਸਨੌਰ ਦੇ ਨੋਡਲ ਅਫ਼ਸਰ ਸਵੀਪ ਸਤਵੀਰ ਸਿੰਘ ਗਿੱਲ ਵੱਲੋਂ ਹਲਕਾ ਸਨੌਰ ਤੇ ਪਟਿਆਲਾ ਦਿਹਾਤੀ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੋਟਰ ਸਾਖਰਤਾ ਕਲੱਬ ਰਾਹੀਂ ਕੈਂਪ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਸ਼ਿਰਕਤ ਕੀਤੀ ਗਈ।
ਕੈਂਪ ਦੌਰਾਨ ਵੋਟਰ ਸਾਖਰਤਾ ਕਲੱਬਾਂ ਦੀ ਬਣਤਰ ਉਦੇਸ਼ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ ਅਨਟਾਲ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵੋਟਰ ਸਾਖਰਤਾ ਕਲੱਬਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਦੇ ਜੋਸ਼ ਅਤੇ ਹੋਸ਼ ਨੂੰ ਵੋਟ ਪ੍ਰਤੀਸ਼ਤ ਵਧਾਉਣ ਲਈ ਵਰਤਿਆ ਜਾ ਸਕੇ। ਕੈਂਪ ਦੌਰਾਨ ਮੌਕੇ ਉੱਪਰ ਹੀ ਵੋਟਾਂ ਨਾਲ ਸਬੰਧਤ ਵਿਦਿਆਰਥੀਆਂ ਦੇ ਸਵਾਲ ਸੁਣੇ ਅਤੇ ਉਨ੍ਹਾਂ ਨੂੰ ਵੋਟਾਂ ਵਿੱਚ 100 ਫ਼ੀਸਦੀ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਵੋਟਰ ਹੈਲਪ ਲਾਈਨ ਮੋਬਾਇਲ ਐਪ ਅਤੇ ਸੀ ਵਿਜਲ ਐਪ ਸਬੰਧੀ ਜਾਣਕਾਰੀ ਦਿੱਤੀ ਗਈ।
ਪ੍ਰੋ ਅਨਟਾਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਲਈ ਨਾਭਾ ਵਿੱਚ ਪ੍ਰੋ ਸੁਰਿੰਦਰ ਪੂਰੀ, ਪਟਿਆਲਾ ਸ਼ਹਿਰੀ ਵਿਚ ਰੁਪਿੰਦਰ ਸਿੰਘ ਆਸਥਾ, ਹਲਕਾ ਪਟਿਆਲਾ ਦਿਹਾਤੀ ਲਈ ਪ੍ਰੋ ਨਰਿੰਦਰ ਸਿੰਘ ਢੀਂਡਸਾ, ਸਮਾਣਾ ਲਈ ਪ੍ਰੋ ਨਛੱਤਰ ਸਿੰਘ, ਸ਼ੁਤਰਾਣਾ ਲਈ ਡਾ ਗੁਰਜੀਤ ਸਿੰਘ ਰਾਜਪੁਰਾ ਲਈ ਪ੍ਰੋ ਰਮਨਦੀਪ ਸਿੰਘ ਸੋਢੀ, ਘਨੌਰ ਲਈ ਡਾ ਸੰਜੀਵ ਅਤੇ ਸਨੌਰ ਲਈ ਸਤਵੀਰ ਸਿੰਘ ਗਿੱਲ ਦੀ ਅਗਵਾਈ ਵਿਚ ਟੀਮਾਂ ਕੰਮ ਕਰਨਗੀਆਂ। ਟਰਾਂਸਜੈਡਰ, ਦਿਵਿਆਂਗ ਜਨ ਵੋਟਰਾਂ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਦੀ ਟੀਮ ਉਤਸ਼ਾਹਿਤ ਕਰੇਗੀ। ਇਸ ਮੌਕੇ ਸਤਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਕੂਲ ਦੇ ਵੋਟਰ ਸਾਖਰਤਾ ਕਲੱਬ ਵੱਲੋਂ ਵੋਟ ਦੇ ਹੱਕ ਸਬੰਧੀ ਹਲਕਾ ਸਨੌਰ ਵਿੱਚ ਪੰਜ ਕੈਂਪ ਲਗਾਏ ਗਏ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Please Share This News By Pressing Whatsapp Button